ਮੰਤਰੀ ਲਾਲ ਚੰਦ ਕਟਾਰੂਚੱਕ ਦਾ ਗੈਸ ਏਜੰਸੀ ‘ਤੇ ਛਾਪਾ, ਕਾਰਵਾਈ ਦੇ ਹੁਕਮ

ਨਿਊਜ਼ ਪੰਜਾਬ

19 ਮਾਰਚ 2026

ਪੰਜਾਬ ਵਿੱਚ ਚੱਲ ਰਹੇ ਗੈਸ ਸੰਕਟ ਦੇ ਮੱਦੇਨਜ਼ਰ ਸਰਕਾਰ ਹੁਣ ਐਕਸ਼ਨ ਮੋਡ ਵਿੱਚ ਆ ਗਈ ਹੈ। ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਗੁਰਦਾਸਪੁਰ ਦੇ ਦੀਨਾਨਗਰ ਦੇ ਤਾਰਾਗੜ੍ਹ ਕਸਬੇ ਵਿੱਚ ਇੱਕ ਗੈਸ ਏਜੰਸੀ ‘ਤੇ ਅਚਾਨਕ ਛਾਪਾ ਮਾਰਿਆ।

ਸਵੇਰੇ ਮੌਕੇ ‘ਤੇ ਪਹੁੰਚੇ ਮੰਤਰੀ ਨੇ ਵੇਖਿਆ ਕਿ ਲਗਭਗ 400 ਲੋਕ ਸਵੇਰੇ 4-5 ਵਜੇ ਤੋਂ ਲਾਈਨਾਂ ਵਿੱਚ ਖੜ੍ਹੇ ਸਨ, ਪਰ ਏਜੰਸੀ ਸਵੇਰੇ 9 ਵਜੇ ਤੱਕ ਵੀ ਨਹੀਂ ਖੁੱਲ੍ਹੀ ਸੀ। ਕਈ ਲੋਕ ਤਿੰਨ ਦਿਨਾਂ ਤੋਂ ਸਿਲੰਡਰ ਲਈ ਭਟਕ ਰਹੇ ਸਨ, ਜਿਸ ਕਾਰਨ ਲੋਕਾਂ ਵਿੱਚ ਗੁੱਸਾ ਅਤੇ ਨਿਰਾਸ਼ਾ ਸੀ।

ਜਾਂਚ ਦੌਰਾਨ ਪਤਾ ਲੱਗਾ ਕਿ ਮੌਕੇ ‘ਤੇ ਕੋਈ ਵੀ ਸਟਾਫ਼ ਮੌਜੂਦ ਨਹੀਂ ਸੀ। ਸਿਰਫ਼ ਇੱਕ ਸਟੋਰਕੀਪਰ ਸੀ, ਜੋ ਗੋਦਾਮ ਖੋਲ੍ਹਣ ਲਈ ਤਿਆਰ ਨਹੀਂ ਸੀ। ਇਹ ਹਾਲਾਤ ਦੇਖ ਕੇ ਮੰਤਰੀ ਕਾਫੀ ਨਾਰਾਜ਼ ਹੋਏ।ਮੰਤਰੀ ਨੇ ਤੁਰੰਤ ਪਠਾਨਕੋਟ ਦੇ ਡੀਐਫਐਸਸੀ ਅਧਿਕਾਰੀ ਨਾਲ ਸੰਪਰਕ ਕਰਕੇ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਤਰ੍ਹਾਂ ਪ੍ਰੇਸ਼ਾਨ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜ਼ਿੰਮੇਵਾਰਾਂ ਖ਼ਿਲਾਫ਼ ਕੜੀ ਕਾਰਵਾਈ ਹੋਵੇਗੀ।