ਮਾਰਚ ਦੀ ਸ਼ੁਰੂਆਤ ਨਾਲ ਹੀ ਪੰਜਾਬ-ਚੰਡੀਗੜ੍ਹ ‘ਚ ਗਰਮੀ ਦਾ ਅਟੈਕ,ਅਗਲੇ ਪੰਜ ਦਿਨ ਹੋਰ ਚੜ੍ਹੇਗਾ ਪਾਰਾ

ਨਿਊਜ਼ ਪੰਜਾਬ

2 ਮਾਰਚ 2026

ਮਾਰਚ ਦੇ ਸ਼ੁਰੂ ਵਿੱਚ ਹੀ ਪੰਜਾਬ ਅਤੇ ਚੰਡੀਗੜ੍ਹ ਵਿੱਚ ਗਰਮੀ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਪਿਛਲੇ 24 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 5.8 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ, ਹਾਲਾਂਕਿ 0.1 ਡਿਗਰੀ ਦੀ ਹਲਕੀ ਗਿਰਾਵਟ ਵੀ ਦੇਖਣ ਨੂੰ ਮਿਲੀ। ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 10.5 ਡਿਗਰੀ ਸੈਲਸੀਅਸ ਰਿਹਾ, ਜੋ ਮੈਦਾਨੀ ਇਲਾਕਿਆਂ ਵਿੱਚ ਸਭ ਤੋਂ ਘੱਟ ਦਰਜ ਕੀਤਾ ਗਿਆ। ਚੰਡੀਗੜ੍ਹ ਮੌਸਮ ਵਿਭਾਗ ਮੁਤਾਬਕ ਉੱਤਰ-ਪੱਛਮੀ ਭਾਰਤ, ਜਿਸ ਵਿੱਚ ਪੰਜਾਬ ਅਤੇ ਚੰਡੀਗੜ੍ਹ ਸ਼ਾਮਲ ਹਨ, ਵਿੱਚ ਅਗਲੇ ਪੰਜ ਦਿਨਾਂ ਦੌਰਾਨ ਤਾਪਮਾਨ ਹੋਰ 3 ਤੋਂ 5 ਡਿਗਰੀ ਸੈਲਸੀਅਸ ਵੱਧ ਸਕਦਾ ਹੈ। ਇਸ ਨਾਲ ਤਾਪਮਾਨ ਆਮ ਨਾਲੋਂ 4 ਤੋਂ 7 ਡਿਗਰੀ ਵੱਧ ਰਹਿਣ ਦੀ ਸੰਭਾਵਨਾ ਹੈ।

ਇਸ ਵੇਲੇ ਪੰਜਾਬ ਅਤੇ ਚੰਡੀਗੜ੍ਹ ਦੇ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 27 ਤੋਂ 31 ਡਿਗਰੀ ਸੈਲਸੀਅਸ ਦਰਮਿਆਨ ਹੈ, ਜਦਕਿ ਘੱਟੋ-ਘੱਟ ਤਾਪਮਾਨ 10 ਤੋਂ 15 ਡਿਗਰੀ ਦੇ ਆਸ-ਪਾਸ ਦਰਜ ਕੀਤਾ ਗਿਆ। ਵਿਭਾਗ ਅਨੁਸਾਰ ਉੱਤਰ-ਪੱਛਮੀ ਭਾਰਤ ਵਿੱਚ ਸਰਗਰਮ ਨਵੀਂ ਪੱਛਮੀ ਗੜਬੜੀ 4 ਮਾਰਚ ਤੋਂ ਹਿਮਾਲੀਅਨ ਖੇਤਰ ਵਿੱਚ ਹਲਕੀ ਬਾਰਿਸ਼ ਜਾਂ ਬਰਫਬਾਰੀ ਲਿਆ ਸਕਦੀ ਹੈ, ਪਰ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਮੁੱਖ ਤੌਰ ‘ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ।