ਨਿਊਜ਼ ਪੰਜਾਬ
26 ਫ਼ਰਵਰੀ 2026
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਵਿੱਤਰ ਸਰੂਪ ਲਾਪਤਾ ਹੋਣ ਦੇ ਗੰਭੀਰ ਅਤੇ ਸੰਵੇਦਨਸ਼ੀਲ ਮਾਮਲੇ ਦੀ ਜਾਂਚ ਨੂੰ ਰਫ਼ਤਾਰ ਦੇਣ ਲਈ ਨਵੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਦਾ ਗਠਨ ਕੀਤਾ ਗਿਆ ਹੈ। ਪਹਿਲਾਂ ਦਰਜ ਐਫਆਈਆਰ ਨੰਬਰ 168, ਮਿਤੀ 7 ਦਸੰਬਰ 2025, ਪੁਲਿਸ ਸਟੇਸ਼ਨ ‘ਸੀ’ ਡਿਵੀਜ਼ਨ ਅੰਮ੍ਰਿਤਸਰ ਵਿੱਚ ਦਰਜ ਕੀਤੀ ਗਈ ਸੀ, ਜਿਸ ਅਧੀਨ ਆਈਪੀਸੀ ਦੀਆਂ ਧਾਰਾਵਾਂ 295, 295-ਏ, 409, 465 ਅਤੇ 120-ਬੀ ਲਗਾਈਆਂ ਗਈਆਂ ਹਨ।
ਨਵੇਂ ਹੁਕਮਾਂ ਤਹਿਤ ਪਿਛਲੀਆਂ ਤਿੰਨ ਟੀਮਾਂ ਦੇ ਆਦੇਸ਼ ਰੱਦ ਕਰਦੇ ਹੋਏ ਤਾਜ਼ਾ ਐਸਆਈਟੀ ਬਣਾਈ ਗਈ ਹੈ, ਜਿਸ ਦੀ ਨਿਗਰਾਨੀ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਕੀਤੀ ਜਾਵੇਗੀ। ਟੀਮ ਨੂੰ ਹਰ ਤਰ੍ਹਾਂ ਦਾ ਲੌਜਿਸਟਿਕ ਅਤੇ ਪ੍ਰਸ਼ਾਸਨਿਕ ਸਹਿਯੋਗ ਦਿੱਤਾ ਜਾਵੇਗਾ ਤਾਂ ਜੋ ਜਾਂਚ ਨਿਰਪੱਖ, ਵਿਗਿਆਨਿਕ ਅਤੇ ਸਮੇਂ ਸਿਰ ਮੁਕੰਮਲ ਹੋ ਸਕੇ। ਸੂਤਰਾਂ ਅਨੁਸਾਰ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਉੱਚ ਪੱਧਰੀ ਨਿਗਰਾਨੀ ਹੇਠ ਜਾਂਚ ਜਾਰੀ ਰਹੇਗੀ ਅਤੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦਿਵਾਈ ਜਾਵੇਗੀ।
