ਅੱਜ DIG ਹਰਚਰਨ ਸਿੰਘ ਭੁੱਲਰ ਨੂੰ CBI ਕੋਰਟ’ਚ ਕਰੇਗੀ ਪੇਸ਼,DIG ਦੀ ਚੰਡੀਗੜ੍ਹ ਰਿਹਾਇਸ਼’ ਤੇ CBI ਨੇ ਕੀਤੀ ਰੇਡ, ,ਜਾਣੋ ਹੁਣ ਤੱਕ ਕੀ ਕੁੱਝ ਮਿਲਿਆ ?

ਨਿਊਜ਼ ਪੰਜਾਬ

17 ਅਕਤੂਬਰ 2025

ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਵਿਚੋਲਿਆਂ ਨੂੰ ਅੱਜ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਸੀਬੀਆਈ ਉਨ੍ਹਾਂ ਦੇ ਰਿਮਾਂਡ ਦੀ ਮੰਗ ਕਰੇਗੀ। ਸੀਬੀਆਈ ਨੇ ਵੀਰਵਾਰ ਦੁਪਹਿਰ ਨੂੰ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਰਿਸ਼ਵਤਖੋਰੀ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ।

ਦੱਸ ਦਈਏ ਕਿ ਪੰਜਾਬ ਦੇ ਡੀਆਈਜੀ ਨੂੰ ਦਿੱਲੀ ਅਤੇ ਚੰਡੀਗੜ੍ਹ ਤੋਂ ਆਈ ਸੀਬੀਆਈ ਦੀ ਲਗਭਗ 52 ਲੋਕਾਂ ਦੀ ਟੀਮ ਨੇ ਬੀਤੇ ਦਿਨ ਟਰੈਪ ਲਗਾ ਕੇ ਰਿਸ਼ਵਤ ਮਾਮਲੇ ‘ਚ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਡੀਆਈਜੀ ਦੇ ਮੋਹਾਲੀ ਦਫਤਰ ਅਤੇ ਸੈਕਟਰ 40, ਚੰਡੀਗੜ੍ਹ ਸਥਿਤ ਬੰਗਲੇ ਦੀ ਤਲਾਸ਼ੀ ਲਈ। ਸੂਤਰਾਂ ਅਨੁਸਾਰ ਇਸ ਦੌਰਾਨ ਉਸਦੇ ਬੰਗਲੇ ਵਿੱਚੋਂ 7 ਕਰੋੜ ਰੁਪਏ ਦੀ ਨਕਦੀ ਮਿਲੀ, ਜੋ ਕਿ 3 ਬੈਗਾਂ ਅਤੇ 2 ਬ੍ਰੀਫਕੇਸਾਂ ਵਿੱਚ ਪੈਕ ਕੀਤੀ ਗਈ ਸੀ। ਇਸ ਨੂੰ ਗਿਣਨ ਲਈ, ਸੀਬੀਆਈ ਟੀਮ ਨੂੰ 3 ਨੋਟ ਗਿਣਨ ਵਾਲੀਆਂ ਮਸ਼ੀਨਾਂ ਮੰਗਵਾਉਣੀਆਂ ਪਈਆਂ।

ਇਸ ਤੋਂ ਇਲਾਵਾ, ਵੱਡੀ ਮਾਤਰਾ ਵਿੱਚ ਗਹਿਣੇ, ਲਗਜ਼ਰੀ ਘੜੀਆਂ, ਵਿਦੇਸ਼ੀ ਸ਼ਰਾਬ ਅਤੇ ਇੱਕ ਰਿਵਾਲਵਰ ਵੀ ਬਰਾਮਦ ਕੀਤਾ ਗਿਆ। ਸੀਬੀਆਈ ਨੂੰ ਡੀਆਈਜੀ ਦੀਆਂ 15 ਜਾਇਦਾਦਾਂ ਅਤੇ ਲਗਜ਼ਰੀ ਵਾਹਨਾਂ ਨਾਲ ਸਬੰਧਤ ਦਸਤਾਵੇਜ਼ ਵੀ ਮਿਲੇ ਹਨ। ਉਨ੍ਹਾਂ ਦੇ ਘਰ ਤੋਂ ਇੱਕ ਬੀਐਮਡਬਲਯੂ, ਇੱਕ ਮਰਸੀਡੀਜ਼ ਕਾਰ ਅਤੇ ਇੱਕ ਬੈਂਕ ਲਾਕਰ ਦੀਆਂ ਚਾਬੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਸੀਬੀਆਈ ਟੀਮਾਂ ਦੇਰ ਰਾਤ ਤੱਕ ਡੀਆਈਜੀ ਦੇ ਚੰਡੀਗੜ੍ਹ ਸਥਿਤ ਨਿਵਾਸ ਸਥਾਨ ਦੀ ਜਾਂਚ ਕਰਦੀਆਂ ਰਹੀਆਂ।