ਲੁਧਿਆਣਾ ’ਚ ਵਿਜੀਲੈਂਸ ਦੀ ਵੱਡੀ ਕਾਰਵਾਈ, ASI ਜਨਕ ਰਾਜ 15 ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

ਨਿਊਜ਼ ਪੰਜਾਬ

25 ਫ਼ਰਵਰੀ 2026

ਲੁਧਿਆਣਾ ਵਿੱਚ ਵਿਜੀਲੈਂਸ ਬਿਊਰੋ ਨੇ ਵੱਡੀ ਕਾਰਵਾਈ ਕਰਦਿਆਂ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 8 ਅਧੀਨ ਆਉਂਦੀ ਪੁਲਿਸ ਚੌਕੀ ਕੈਲਾਸ਼ ਦੇ ਇੰਚਾਰਜ ਏਐਸਆਈ ਜਨਕ ਰਾਜ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ, ਇਹ ਰਕਮ 4.57 ਕਰੋੜ ਰੁਪਏ ਦੇ ਕਥਿਤ ਧੋਖਾਧੜੀ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਨੂੰ ਪੁਲਿਸ ਰਿਮਾਂਡ ‘ਤੇ ਅਦਾਲਤ ਵਿੱਚ ਨਾ ਲਿਜਾਣ ਦੇ ਬਦਲੇ ਮੰਗੀ ਗਈ ਸੀ। ਨਿਊ ਕੁੰਦਨਪੁਰੀ ਦੇ ਰਹਿਣ ਵਾਲੇ ਅਮਿਤ ਕੁਮਾਰ ਪੱਬੀ ਵਿਰੁੱਧ 5 ਜਨਵਰੀ ਨੂੰ ਧਾਰਾ 420 ਤਹਿਤ ਮਾਮਲਾ ਦਰਜ ਹੋਇਆ ਸੀ। ਸ਼ਿਕਾਇਤਕਰਤਾ ਗੌਰਵ ਕੁਮਾਰ ਨੇ ਦੋਸ਼ ਲਗਾਇਆ ਕਿ ਏਐਸਆਈ ਨੇ ਉਸਦੇ ਭਰਾ ਨੂੰ ਰਾਹਤ ਦੇਣ ਲਈ 15,000 ਰੁਪਏ ਦੀ ਮੰਗ ਕੀਤੀ। ਸ਼ਿਕਾਇਤ ਮਿਲਣ ਉਪਰੰਤ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਅਤੇ ਜਿਵੇਂ ਹੀ ਏਐਸਆਈ ਨੇ ਰਕਮ ਲਈ, ਉਸਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ।

ਐਸਐਸਪੀ ਵਿਜੀਲੈਂਸ ਵਰਿੰਦਰ ਬਰਾੜ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਜਾਂਚ ਜਾਰੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੈਲਾਸ਼ ਪੁਲਿਸ ਚੌਕੀ ਦੇ ਕੁਝ ਮੁਲਾਜ਼ਮਾਂ ਉੱਤੇ ਹਿਰਾਸਤ ਵਿੱਚ ਬਦਸਲੂਕੀ ਦੇ ਦੋਸ਼ ਲੱਗ ਚੁੱਕੇ ਹਨ, ਜਿਸ ਕਾਰਨ ਪੁਲਿਸ ਵਿਭਾਗ ਦੀ ਕਾਰਗੁਜ਼ਾਰੀ ‘ਤੇ ਸਵਾਲ ਉੱਠ ਰਹੇ ਹਨ।