ਨਿਊਜ਼ ਪੰਜਾਬ
24 ਫ਼ਰਵਰੀ 2026
ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਤੋਂ ਇਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਲਿਸਾਡੀ ਗੇਟ ਥਾਣਾ ਖੇਤਰ ਦੇ ਕਿਦਵਈ ਨਗਰ ਵਿੱਚ ਸੋਮਵਾਰ ਰਾਤ ਇਕ ਘਰ ਵਿੱਚ ਭਿਆਨਕ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ 5 ਮਾਸੂਮ ਬੱਚੇ ਵੀ ਸ਼ਾਮਲ ਹਨ।
ਮਿਲੀ ਜਾਣਕਾਰੀ ਮੁਤਾਬਕ ਘਰ ਦੀ ਹੇਠਲੀ ਮੰਜ਼ਿਲ ‘ਤੇ ਕੱਪੜਿਆਂ ਦਾ ਗੋਦਾਮ ਸੀ, ਜਦਕਿ ਪਰਿਵਾਰ ਉੱਪਰ ਰਹਿੰਦਾ ਸੀ। ਹਾਦਸੇ ਵੇਲੇ ਘਰ ਵਿੱਚ ਦੋ ਔਰਤਾਂ ਅਤੇ ਪੰਜ ਬੱਚੇ ਮੌਜੂਦ ਸਨ। ਪਰਿਵਾਰ ਦਾ ਇਕ ਮੈਂਬਰ ਇਕਬਾਲ ਆਪਣੇ ਭਰਾ ਨਾਲ ਨਮਾਜ਼ ਪੜ੍ਹਨ ਗਿਆ ਹੋਇਆ ਸੀ।ਅਚਾਨਕ ਅੱਗ ਲੱਗਣ ਨਾਲ ਘਰ ਵਿੱਚ ਹੜਕੰਪ ਮਚ ਗਿਆ। ਗੁਆਂਢੀਆਂ ਨੇ ਅੱਗ ਦੀਆਂ ਲਪਟਾਂ ਵੇਖ ਕੇ ਤੁਰੰਤ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਪੁਲਿਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਇਲਾਕੇ ਦੀਆਂ ਤੰਗ ਗਲੀਆਂ ਕਾਰਨ ਬਚਾਵ ਕਾਰਜ ਵਿੱਚ ਕਾਫੀ ਦਿੱਕਤ ਆਈ। ਮੁਸ਼ਕਲ ਨਾਲ ਅੱਗ ‘ਤੇ ਕਾਬੂ ਪਾਇਆ ਗਿਆ ਅਤੇ ਸਾਰੇ ਜ਼ਖਮੀਆਂ ਨੂੰ ਹਸਪਤਾਲ ਭੇਜਿਆ ਗਿਆ।ਹਸਪਤਾਲ ਵਿੱਚ ਇਲਾਜ ਦੌਰਾਨ ਪੰਜ ਬੱਚਿਆਂ ਅਤੇ ਇੱਕ ਔਰਤ ਨੇ ਦਮ ਤੋੜ ਦਿੱਤਾ। ਇੱਕ ਵਿਅਕਤੀ ਦੀ ਹਾਲਤ ਅਜੇ ਵੀ ਗੰਭੀਰ ਦੱਸੀ ਜਾ ਰਹੀ ਹੈ।
ਪ੍ਰਾਰੰਭਿਕ ਜਾਂਚ ਵਿੱਚ ਸ਼ਾਰਟ ਸਰਕਟ ਨੂੰ ਅੱਗ ਲੱਗਣ ਦਾ ਸੰਭਾਵਿਤ ਕਾਰਨ ਦੱਸਿਆ ਜਾ ਰਿਹਾ ਹੈ, ਹਾਲਾਂਕਿ ਅਸਲ ਕਾਰਨਾਂ ਦੀ ਪੁਸ਼ਟੀ ਲਈ ਜਾਂਚ ਜਾਰੀ ਹੈ। ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਕਿਹਾ ਕਿ ਟੀਮ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਅਤੇ ਜ਼ਖਮੀਆਂ ਨੂੰ ਹਸਪਤਾਲ ਭੇਜਿਆ।
