ਨਿਊਜ਼ ਪੰਜਾਬ
23 ਫ਼ਰਵਰੀ 2026
ਨੇਪਾਲ ਦੇ ਧਾਦਿੰਗ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ ਲਗਭਗ 1.30 ਵਜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਦੋਂ ਪੋਖਰਾ ਤੋਂ ਕਾਠਮੰਡੂ ਜਾ ਰਹੀ ਸਵਾਰੀਆਂ ਨਾਲ ਭਰੀ ਬੱਸ ਹਾਈਵੇ ਤੋਂ ਬੇਕਾਬੂ ਹੋ ਕੇ ਤ੍ਰਿਸ਼ੁਲੀ ਨਦੀ ਵਿੱਚ ਜਾ ਡਿੱਗੀ। ਰਿਪੋਰਟਾਂ ਮੁਤਾਬਕ ਇਸ ਹਾਦਸੇ ਵਿੱਚ 18 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 25 ਹੋਰ ਜ਼ਖਮੀ ਹੋਏ ਹਨ। ਮ੍ਰਿਤਕਾਂ ਵਿੱਚ ਇੱਕ ਪੁਰਸ਼ ਅਤੇ ਇੱਕ ਮਹਿਲਾ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ, ਹਾਲਾਂਕਿ ਉਨ੍ਹਾਂ ਦੀ ਪਛਾਣ ਅਤੇ ਦੇਸ਼ ਬਾਰੇ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ। ਆਰਮਡ ਪੁਲਿਸ ਫੋਰਸ ਦੇ ਅਨੁਸਾਰ ਪਹਿਲਾਂ 17 ਦੇਹਾਂ ਬਰਾਮਦ ਕੀਤੀਆਂ ਗਈਆਂ ਸਨ ਅਤੇ ਬਾਅਦ ਵਿੱਚ ਇੱਕ ਹੋਰ ਯਾਤਰੀ ਦੀ ਮੌਤ ਦੀ ਪੁਸ਼ਟੀ ਨਾਲ ਅੰਕੜਾ 18 ਹੋ ਗਿਆ। ਜ਼ਖਮੀਆਂ ਨੂੰ ਤੁਰੰਤ ਰੈਸਕਿਊ ਕਰਕੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਧਾਦਿੰਗ ਦੇ ਬੇਨਿਘਾਟ ਰੋਰਾਂਗ ਇਲਾਕੇ ਵਿੱਚ ਵਾਪਰਿਆ ਅਤੇ ਪੁਲਿਸ ਵੱਲੋਂ ਕਾਰਨਾਂ ਦੀ ਜਾਂਚ ਜਾਰੀ ਹੈ।
