ਫਤਿਹਗੜ੍ਹ ਸਾਹਿਬ ਦੀ ਖਮਾਣੋਂ ਦੀ ਤਹਿਸੀਲਦਾਰ ਰਮਨਦੀਪ ਕੌਰ ਤਤਕਾਲ ਪ੍ਰਭਾਵ ਨਾਲ ਮੁਅੱਤਲ

ਨਿਊਜ਼ ਪੰਜਾਬ

ਫਤਿਹਗੜ੍ਹ ਸਾਹਿਬ:13 ਫ਼ਰਵਰੀ 2026

ਫਤਿਹਗੜ੍ਹ ਸਾਹਿਬ ਦੀ ਖਮਾਣੋਂ ਤਹਿਸੀਲ ਵਿੱਚ ਤਾਇਨਾਤ ਤਹਿਸੀਲਦਾਰ ਰਮਨਦੀਪ ਕੌਰ ਨੂੰ ਪੰਜਾਬ ਸਰਕਾਰ ਵੱਲੋਂ ਤਤਕਾਲ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਪ੍ਰਸ਼ਾਸਨਿਕ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਕੀਤੀ ਗਈ ਹੈ।

ਮਾਲ, ਪੁਨਰਵਾਸ ਤੇ ਆਫ਼ਤ ਪ੍ਰਬੰਧਨ ਵਿਭਾਗ ਵੱਲੋਂ ਜਾਰੀ ਹੁਕਮਾਂ ‘ਤੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਹਸਤਾਖਰ ਕੀਤੇ ਹਨ। ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਰਮਨਦੀਪ ਕੌਰ ਨੂੰ ਤੁਰੰਤ ਪ੍ਰਭਾਵ ਨਾਲ ਸੇਵਾ ਤੋਂ ਮੁਅੱਤਲ ਕੀਤਾ ਜਾਂਦਾ ਹੈ।ਮੁਅੱਤਲੀ ਦੇ ਸਮੇਂ ਦੌਰਾਨ ਉਨ੍ਹਾਂ ਦੀ ਤਾਇਨਾਤੀ ਰੂਪਨਗਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਨਿਰਧਾਰਤ ਕੀਤੀ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਰਮਨਦੀਪ ਕੌਰ ਖ਼ਿਲਾਫ਼ ਕਾਫ਼ੀ ਸਮੇਂ ਤੋਂ ਵੱਖ-ਵੱਖ ਸ਼ਿਕਾਇਤਾਂ ਮਿਲ ਰਹੀਆਂ ਸਨ। ਉਨ੍ਹਾਂ ਦੇ ਕੰਮਕਾਜ ਅਤੇ ਪ੍ਰਸ਼ਾਸਨਿਕ ਕਾਰਜਸ਼ੈਲੀ ‘ਤੇ ਵੀ ਸਵਾਲ ਉੱਠ ਰਹੇ ਸਨ। ਖਾਸ ਕਰਕੇ ਖਮਾਣੋਂ ਤਹਿਸੀਲ ਵਿੱਚ ਜਾਇਦਾਦ ਦੀਆਂ ਰਜਿਸਟ੍ਰੀਆਂ ਸਬੰਧੀ ਲੋਕਾਂ ਵਿੱਚ ਅਸੰਤੋਸ਼ ਪਾਇਆ ਜਾ ਰਿਹਾ ਸੀ ਅਤੇ ਕਈ ਮਾਮਲਿਆਂ ਵਿੱਚ ਅਨਿਯਮਤਤਾਵਾਂ ਦੇ ਦੋਸ਼ ਸਾਹਮਣੇ ਆ ਰਹੇ ਸਨ।

ਇਨ੍ਹਾਂ ਸ਼ਿਕਾਇਤਾਂ ਅਤੇ ਉੱਠ ਰਹੇ ਸਵਾਲਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਇਹ ਸਖ਼ਤ ਕਦਮ ਚੁੱਕਿਆ ਗਿਆ ਹੈ।