ਨਿਊਜ਼ ਪੰਜਾਬ
4 ਫ਼ਰਵਰੀ 2026
ਪੰਜਾਬ ਵਿਜੀਲੈਂਸ ਬਿਊਰੋ ਨੇ ਵੱਡੀ ਕਾਰਵਾਈ ਕਰਦਿਆਂ ਪੰਜਾਬ ਵਕਫ ਬੋਰਡ ਗੜ੍ਹਸ਼ੰਕਰ ਦੇ ਕਿਰਾਇਆ ਕੁਲੈਕਟਰ ਮੁਹੰਮਦ ਯਾਸੀਨ ਅਤੇ ਠੇਕੇ ’ਤੇ ਰੱਖੇ ਚਪੜਾਸੀ ਮੁਹੰਮਦ ਤਲੀਮ ਨੂੰ 18 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਹੈ। ਇਹ ਕਾਰਵਾਈ ਸ਼ਹੀਦ ਭਗਤ ਸਿੰਘ ਨਗਰ (SBS ਨਗਰ) ਦੇ ਬਲਾਚੌਰ ਵਾਸੀ ਇੱਕ ਕਿਸਾਨ ਦੀ ਸ਼ਿਕਾਇਤ ’ਤੇ ਕੀਤੀ ਗਈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਸਾਲ 2018 ਤੋਂ 2021 ਤੱਕ ਤਹਸੀਲ ਬਲਾਚੌਰ ਦੇ ਪਿੰਡ ਭੱਢੀ ਵਿੱਚ ਵਕਫ ਬੋਰਡ ਦੀ 10 ਕਨਾਲ ਜ਼ਮੀਨ ਲੀਜ਼ ’ਤੇ ਲਈ ਹੋਈ ਸੀ। ਲੀਜ਼ ਦੀ ਮਿਆਦ ਖਤਮ ਹੋਣ ਮਗਰੋਂ, ਜਦੋਂ ਉਸ ਨੇ ਨਵੀਨੀਕਰਨ ਲਈ ਸੰਪਰਕ ਕੀਤਾ ਤਾਂ ਮੁਲਜ਼ਮਾਂ ਵੱਲੋਂ ਪਹਿਲਾਂ 50 ਹਜ਼ਾਰ ਰੁਪਏ ਅਤੇ ਬਾਅਦ ਵਿੱਚ ਸੌਦੇਬਾਜ਼ੀ ਕਰਕੇ 20 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਗਈ। ਕਿਸਾਨ ਨੇ ਸਾਰੀ ਗੱਲਬਾਤ ਰਿਕਾਰਡ ਕਰਕੇ Punjab Vigilance Bureau ਨੂੰ ਸ਼ਿਕਾਇਤ ਦਿੱਤੀ। ਸ਼ੁਰੂਆਤੀ ਜਾਂਚ ਤੋਂ ਬਾਅਦ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਅਤੇ ਜਿਵੇਂ ਹੀ ਦੋਹਾਂ ਮੁਲਜ਼ਮਾਂ ਨੇ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਬਾਕੀ ਦੇ 18 ਹਜ਼ਾਰ ਰੁਪਏ ਪ੍ਰਾਪਤ ਕੀਤੇ, ਉਨ੍ਹਾਂ ਨੂੰ ਤੁਰੰਤ ਕਾਬੂ ਕਰ ਲਿਆ ਗਿਆ। ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਥਾਣਾ ਜਲੰਧਰ ਵਿੱਚ ਭ੍ਰਿਸ਼ਟਾਚਾਰ ਨਿਵਾਰਣ ਅਧਿਨਿਯਮ ਅਧੀਨ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
