ਨਿਊਜ਼ ਪੰਜਾਬ
1 ਫ਼ਰਵਰੀ 2026
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ‘ਤੇ ਹਨ। ਇਸ ਦੌਰੇ ਦੌਰਾਨ ਧਾਰਮਿਕ ਆਸਥਾ ਅਤੇ ਵਿਕਾਸ ਦੋਵਾਂ ਨੂੰ ਕੇਂਦਰ ਵਿੱਚ ਰੱਖਿਆ ਗਿਆ ਹੈ, ਜਿਸ ਕਾਰਨ ਇਹ ਯਾਤਰਾ ਖਾਸ ਮੰਨੀ ਜਾ ਰਹੀ ਹੈ। ਸ਼੍ਰੀ ਗੁਰੂ ਰਵਿਦਾਸ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ ’ਤੇ ਪ੍ਰਧਾਨ ਮੰਤਰੀ ਮੋਦੀ ਜਲੰਧਰ ਨੇੜੇ ਸਥਿਤ ਡੇਰਾ ਸੱਚਖੰਡ ਬੱਲਾਂ ਵਿੱਚ ਨਤਮਸਤਕ ਹੋਣਗੇ। ਜਾਣਕਾਰੀ ਮੁਤਾਬਕ ਉਹ ਲਗਭਗ 40 ਮਿੰਟ ਤੱਕ ਡੇਰਾ ਬੱਲਾਂ ਵਿੱਚ ਮੌਜੂਦ ਰਹਿਣਗੇ। ਇਸ ਦੌਰਾਨ ਉਹ ਲੰਗਰ ਛਕਣਗੇ ਅਤੇ ਸੰਗਤ ਨਾਲ ਮੁਲਾਕਾਤ ਕਰਕੇ ਉਨ੍ਹਾਂ ਨਾਲ ਗੱਲਬਾਤ ਵੀ ਕਰਨਗੇ, ਜਿਸ ਨਾਲ ਸੰਗਤ ਵਿੱਚ ਖਾਸ ਉਤਸ਼ਾਹ ਦੇਖਿਆ ਜਾ ਰਿਹਾ ਹੈ।
ਇਸ ਦੌਰੇ ਦੀ ਇੱਕ ਹੋਰ ਮਹੱਤਵਪੂਰਨ ਘੋਸ਼ਣਾ ਵਿੱਚ ਆਦਮਪੁਰ ਏਅਰਪੋਰਟ ਦਾ ਨਾਂਅ ਬਦਲ ਕੇ ਸ੍ਰੀ ਗੁਰੂ ਰਵਿਦਾਸ ਜੀ ਏਅਰਪੋਰਟ ਰੱਖਣ ਦਾ ਐਲਾਨ ਕੀਤਾ ਗਿਆ, ਜੋ ਰਵਿਦਾਸੀ ਸਮਾਜ ਲਈ ਵੱਡੀ ਇਤਿਹਾਸਕ ਪਛਾਣ ਵਜੋਂ ਦੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਮੋਦੀ ਲੁਧਿਆਣਾ ਦੇ ਹਲਵਾਰਾ ਏਅਰਪੋਰਟ ਟਰਮੀਨਲ ਦਾ ਵਰਚੁਅਲ ਤੌਰ ’ਤੇ ਉਦਘਾਟਨ ਵੀ ਕੀਤਾ। ਇਹ ਟਰਮੀਨਲ ਪੰਜਾਬ ਦੀ ਹਵਾਈ ਕਨੈਕਟਿਵਟੀ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਜਿਸ ਨਾਲ ਉਦਯੋਗ, ਵਪਾਰ ਅਤੇ ਯਾਤਰੀਆਂ ਨੂੰ ਵੱਡਾ ਲਾਭ ਮਿਲੇਗਾ।
