ਨਿਊਜ਼ ਪੰਜਾਬ
30 ਜਨਵਰੀ 2026
ਕੈਨੇਡਾ ਬੈਠੇ ਖ਼ਤਰਨਾਕ ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਦਾ ਦੋ ਦਿਨਾਂ ਦਾ ਪੁਲਿਸ ਰਿਮਾਂਡ ਅੱਜ ਖ਼ਤਮ ਹੋ ਰਿਹਾ ਹੈ ਅਤੇ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਦੋ ਸਾਲ ਪੁਰਾਣੇ 50 ਲੱਖ ਰੁਪਏ ਦੀ ਫਿਰੌਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਮਾਮਲੇ ਵਿੱਚ ਅੰਮ੍ਰਿਤਸਰ ਦੇ ਇੱਕ ਨਿੱਜੀ ਹੋਟਲ ਤੋਂ ਗ੍ਰਿਫ਼ਤਾਰ ਕੀਤੇ ਗਏ ਇਸ ਜੋੜੇ ਤੋਂ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਗਈ ਹੈ, ਜਦਕਿ ਸੂਤਰਾਂ ਅਨੁਸਾਰ ਅੱਜ ਅਦਾਲਤ ਵਿੱਚ ਜਾਂਚ ਨਾਲ ਸਬੰਧਤ ਅਹਿਮ ਸਬੂਤ ਪੇਸ਼ ਕਰਕੇ ਹੋਰ ਰਿਮਾਂਡ ਦੀ ਮੰਗ ਵੀ ਕੀਤੀ ਜਾ ਸਕਦੀ ਹੈ।
ਇਸ ਗ੍ਰਿਫ਼ਤਾਰੀ ਤੋਂ ਫ਼ੌਰਨ ਬਾਅਦ ਸੋਸ਼ਲ ਮੀਡੀਆ ‘ਤੇ ਗੋਲਡੀ ਬਰਾੜ ਦੀ ਇੱਕ ਕਥਿਤ ਆਡੀਓ ਰਿਕਾਰਡਿੰਗ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਸ ਨੇ ਪੰਜਾਬ ਪੁਲਿਸ ਅਤੇ ਸਿਆਸੀ ਲੀਡਰਾਂ ਨੂੰ ਸਿੱਧੀ ਅਤੇ ਖ਼ਤਰਨਾਕ ਧਮਕੀ ਦਿੱਤੀ ਹੈ। ਗੋਲਡੀ ਨੇ ਕਿਹਾ:
“ਤੁਸੀਂ ਮੇਰੇ ਬਜ਼ੁਰਗ ਮਾਤਾ-ਪਿਤਾ ਨੂੰ ਹਰਿਮੰਦਰ ਸਾਹਿਬ ਦਰਸ਼ਨ ਕਰਨ ਗਏ ਨੂੰ ਗ੍ਰਿਫ਼ਤਾਰ ਕਰਕੇ ਇਹ ਸੋਚ ਰਹੇ ਹੋ ਕਿ ਅਸੀਂ ਡਰ ਜਾਵਾਂਗੇ? ਇਹ ਤੁਹਾਡੀ ਗਲਤਫ਼ਹਿਮੀ ਹੈ। ਸਾਨੂੰ ਪਤਾ ਹੈ ਕਿ ਕਿਹੜੇ ਲੀਡਰ ਅਤੇ ਪੁਲਿਸ ਵਾਲੇ ਦੇ ਬੱਚੇ ਵਿਦੇਸ਼ ਵਿੱਚ ਕਿੱਥੇ ਰਹਿੰਦੇ ਹਨ। ਜੇ ਅਸੀਂ ‘ਨਾਜਾਇਜ਼’ ਕਰਨ ‘ਤੇ ਆ ਗਏ ਤਾਂ ਹਰ ਰੋਜ਼ ਇੱਕ ਬੰਦਾ ਮਰਵਾ ਸਕਦੇ ਹਾਂ।”
ਵਾਇਰਲ ਆਡੀਓ ਵਿੱਚ ਗੈਂਗਸਟਰ ਨੇ ਭਾਵੁਕ ਅਤੇ ਗੁੱਸੇ ਭਰੇ ਲਹਿਜੇ ਵਿੱਚ ਕਿਹਾ ਕਿ ਉਸ ਨੇ ਹਮੇਸ਼ਾ ਆਪਣੀਆਂ ਦੁਸ਼ਮਣੀਆਂ ‘ਹਿੱਕ ਠੋਕ ਕੇ’ ਨਿਭਾਈਆਂ ਹਨ ਅਤੇ ਕਦੇ ਕਿਸੇ ਬੇਗੁਨਾਹ ਨੂੰ ਨਿਸ਼ਾਨਾ ਨਹੀਂ ਬਣਾਇਆ। ਉਸ ਨੇ ਚਿਤਾਵਨੀ ਦਿੱਤੀ ਕਿ ਪੁਲਿਸ ਸਿਰਫ਼ ਪੰਜਾਬ ਤੱਕ ਸੀਮਤ ਹੈ, ਜਦਕਿ ਉਸ ਦਾ ਨੈੱਟਵਰਕ ਪੂਰੀ ਦੁਨੀਆ ਵਿੱਚ ਫੈਲਿਆ ਹੋਇਆ ਹੈ। ਉਸ ਨੇ ਅਪੀਲ ਕੀਤੀ ਕਿ ਬਿਨਾਂ ਕਿਸੇ ਕਸੂਰ ਤੋਂ ਕਿਸੇ ਦੀਆਂ ਮਾਵਾਂ-ਭੈਣਾਂ ਦੀ ਬੇਇੱਜ਼ਤੀ ਨਾ ਕੀਤੀ ਜਾਵੇ, ਕਿਉਂਕਿ ਅਜਿਹੀਆਂ ਹਰਕਤਾਂ ਸਾਰੀ ਉਮਰ ਦੀ ਦੁਸ਼ਮਣੀ ਪੈਦਾ ਕਰ ਦਿੰਦੀਆਂ ਹਨ।
ਗੋਲਡੀ ਬਰਾੜ ਵੱਲੋਂ ਪੁਲਿਸ ਅਧਿਕਾਰੀਆਂ ਅਤੇ ਲੀਡਰਾਂ ਦੇ ਵਿਦੇਸ਼ਾਂ ਵਿੱਚ ਰਹਿੰਦੇ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਨੇ ਸੁਰੱਖਿਆ ਏਜੰਸੀਆਂ ਦੇ ਕੰਨ ਖੜ੍ਹੇ ਕਰ ਦਿੱਤੇ ਹਨ। ਇੱਕ ਪਾਸੇ ਜਿੱਥੇ ਪੁਲਿਸ ਮਾਤਾ-ਪਿਤਾ ਰਾਹੀਂ ਗੋਲਡੀ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਹੀ ਗੈਂਗਸਟਰ ਵੱਲੋਂ ਖੁੱਲ੍ਹੇਆਮ ਦਿੱਤੀ ਗਈ ਇਹ ਚੁਣੌਤੀ ਸੂਬੇ ਦੀ ਕਾਨੂੰਨ ਵਿਵਸਥਾ ਲਈ ਇੱਕ ਵੱਡਾ ਇਮਤਿਹਾਨ ਸਾਬਤ ਹੋ ਸਕਦੀ ਹੈ।ਅੱਜ ਅਦਾਲਤੀ ਕਾਰਵਾਈ ਦੌਰਾਨ ਇਹ ਦੇਖਣਾ ਅਹਿਮ ਹੋਵੇਗਾ ਕਿ ਪੁਲਿਸ ਇਸ ਵਾਇਰਲ ਆਡੀਓ ‘ਤੇ ਕੀ ਸਟੈਂਡ ਲੈਂਦੀ ਹੈ ਅਤੇ ਅਦਾਲਤ ਵੱਲੋਂ ਅਗਲਾ ਫੈਸਲਾ ਕੀ ਦਿੱਤਾ ਜਾਂਦਾ ਹੈ।
