ਨਿਊਜ਼ ਪੰਜਾਬ
24 ਜਨਵਰੀ 2026
ਮੁੰਬਈ ਪੁਲਿਸ ਨੇ ਅੱਜ ਅਦਾਕਾਰ ਕਮਾਲ ਰਾਸ਼ਿਦ ਖਾਨ, ਜਿਸ ਨੂੰ ਕੇ.ਆਰ.ਕੇ. ਵੀ ਕਿਹਾ ਜਾਂਦਾ ਹੈ, ਨੂੰ ਅੰਧੇਰੀ ਵੈਸਟ ਦੇ ਓਸ਼ੀਵਾਰਾ ਖੇਤਰ ਵਿਚ ਇਕ ਰਿਹਾਇਸ਼ੀ ਇਮਾਰਤ ਵਿਚ ਹੋਈ ਗੋਲੀਬਾਰੀ ਦੀ ਘਟਨਾ ਦੇ ਸੰਬੰਧ ਵਿਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਅਦਾਕਾਰ ਵਿਰੁੱਧ ਭਾਰਤੀ ਦੰਡਾਵਲੀ ਅਤੇ ਅਸਲਾ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਉਸ ਨੂੰ ਸ਼ੁੱਕਰਵਾਰ ਦੇਰ ਰਾਤ ਪੁੱਛਗਿੱਛ ਲਈ ਓਸ਼ੀਵਾਰਾ ਪੁਲਿਸ ਸਟੇਸ਼ਨ ਲਿਆਂਦਾ ਗਿਆ ਸੀ। ਪੁਲਿਸ ਦੇ ਅਨੁਸਾਰ ਆਪਣੇ ਬਿਆਨ ਵਿਚ ਕੇ.ਆਰ.ਕੇ. ਨੇ ਆਪਣੀ ਲਾਇਸੈਂਸੀ ਬੰਦੂਕ ਤੋਂ ਦੋ ਗੋਲੀਆਂ ਚਲਾਉਣ ਦੀ ਗੱਲ ਕਬੂਲ ਕੀਤੀ। ਇਹ ਘਟਨਾ 18 ਜਨਵਰੀ ਨੂੰ ਓਸ਼ੀਵਾਰਾ ਦੀ ਨਾਲੰਦਾ ਸੁਸਾਇਟੀ ਵਿਚ ਵਾਪਰੀ ਸੀ।
ਜਾਂਚ ਦੌਰਾਨ ਸੁਸਾਇਟੀ ਦੇ ਅਹਾਤੇ ਤੋਂ ਦੋ ਗੋਲੀਆਂ ਬਰਾਮਦ ਕੀਤੀਆਂ ਗਈਆਂ, ਇਕ ਦੂਜੀ ਮੰਜ਼ਿਲ ਤੋਂ ਅਤੇ ਦੂਜੀ ਚੌਥੀ ਮੰਜ਼ਿਲ ਤੋਂ। ਪੁਲਿਸ ਨੇ ਦੱਸਿਆ ਕਿ ਇਕ ਫਲੈਟ ਇਕ ਲੇਖਕ-ਨਿਰਦੇਸ਼ਕ ਦਾ ਜਦੋਂ ਕਿ ਦੂਜਾ ਇਕ ਮਾਡਲ ਦਾ ਹੈ।ਅਦਾਕਾਰ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਜਿਸ ਤੋਂ ਬਾਅਦ ਪੁਲਿਸ ਉਸ ਨੂੰ ਹਿਰਾਸਤ ਵਿਚ ਲੈ ਲਵੇਗੀ ਅਤੇ ਅੱਗੇ ਦੀ ਜਾਂਚ ਕਰੇਗੀ।
