ਕਮਲ ਕੌਰ ਭਾਬੀ ਕਤਲ ਕੇਸ: ਮੁੱਖ ਦੋਸ਼ੀ ਅੰਮ੍ਰਿਤਪਾਲ ਮਹਿਰੋਂ ਨੇ ਕੀਤਾ ਪਛਤਾਵਾ, ਪੁਲਿਸ ਰਿਮਾਂਡ ‘ਚ ਹੋਰ ਖੁਲਾਸਿਆਂ ਦੀ ਉਮੀਦ

ਨਿਊਜ਼ ਪੰਜਾਬ

13 ਅਪ੍ਰੈਲ 2026

ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਭਾਬੀ ਉਰਫ਼ ਕੰਚਨ ਕੁਮਾਰੀ ਦੇ ਕਤਲ ਮਾਮਲੇ ਵਿੱਚ ਗ੍ਰਿਫਤਾਰ ਮੁੱਖ ਦੋਸ਼ੀ ਅੰਮ੍ਰਿਤਪਾਲ ਸਿੰਘ ਮਹਿਰੋਂ ਇਸ ਵੇਲੇ ਪੁਲਿਸ ਹਿਰਾਸਤ ਵਿੱਚ ਹੈ। ਪੁੱਛਗਿੱਛ ਦੌਰਾਨ ਉਸ ਨੇ ਕਤਲ ‘ਤੇ ਪਛਤਾਵਾ ਜਤਾਉਂਦਿਆਂ ਕਿਹਾ ਕਿ ਉਹ ਇਹ ਜੁਰਮ ਨਹੀਂ ਕਰਨਾ ਚਾਹੁੰਦਾ ਸੀ ਅਤੇ ਇਹ ਉਸ ਤੋਂ ਗਲਤੀ ਨਾਲ ਹੋ ਗਿਆ। ਹਾਲਾਂਕਿ ਪੁਲਿਸ ਅਧਿਕਾਰੀਆਂ ਮੁਤਾਬਕ ਅਜਿਹੀਆਂ ਗੱਲਾਂ ਦੋਸ਼ੀ ਵੱਲੋਂ ਅਕਸਰ ਨਰਮੀ ਹਾਸਲ ਕਰਨ ਲਈ ਕੀਤੀਆਂ ਜਾਂਦੀਆਂ ਹਨ।

ਡੀਐਸਪੀ ਸਿਟੀ-2 ਸਰਬਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਵਿੱਚ ਹੋਰ ਵੀ ਅਹਿਮ ਖੁਲਾਸਿਆਂ ਦੀ ਸੰਭਾਵਨਾ ਹੈ। ਯਾਦ ਰਹੇ ਕਿ ਜੂਨ 2025 ਵਿੱਚ ਬਠਿੰਡਾ ਵਿੱਚ ਕਮਲ ਕੌਰ ਦੀ ਲਾਸ਼ ਕਾਰ ਵਿੱਚੋਂ ਮਿਲੀ ਸੀ। ਇਸ ਕੇਸ ਦਾ ਮਾਸਟਰਮਾਈਂਡ ਅੰਮ੍ਰਿਤਪਾਲ ਮਹਿਰੋਂ ਨੂੰ ਪੰਜਾਬ ਪੁਲਿਸ ਨੇ ਦੁਬਈ ਤੋਂ ਗ੍ਰਿਫਤਾਰ ਕਰਕੇ ਭਾਰਤ ਲਿਆਂਦਾ ਹੈ ਅਤੇ ਉਹ 15 ਅਪ੍ਰੈਲ ਤੱਕ ਪੁਲਿਸ ਰਿਮਾਂਡ ‘ਤੇ ਰਹੇਗਾ, ਜਿਸ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।