ਗੁਰਪੁਰਬ ਅਤੇ ਲੋਹੜੀ ਨੂੰ ਸਮਰਪਿਤ ਰਹੀ ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਨਵੇਂ ਸਾਲ ਦੀ ਪਲੇਠੀ ਮੀਟਿੰਗ

ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ, ਜੈਨੇਸਸ ਸੈਂਟਰ ਵਿਖੇ 18 ਜਨਵਰੀ ਦਿਨ ਐਤਵਾਰ ਨੂੰ ਭਰਵੀਂ ਹਾਜ਼ਰੀ ਵਿੱਚ ਹੋਈ। ਸਭਾ ਦੇ ਸਕੱਤਰ ਗੁਰਨਾਮ ਕੌਰ ਨੇ, ਸਭਾ ਦੀ ਕਾਰਵਾਈ ਸ਼ੁਰੂ ਕਰਦਿਆਂ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਕੀਤਾ। ਇਸ ਤੋਂ ਬਾਅਦ ਸਭਾ ਦੇ

ਕੋਆਰਡੀਨੇਟਰ ਗੁਰਚਰਨ ਕੌਰ ਥਿੰਦ ਜੀ ਨੇ, ਸਭਾ ਦੀ ਦਸਵੀਂ ਵਰ੍ਹੇ ਗੰਢ ਤੇ, 16 ਫਰਵਰੀ ਦਿਨ ਸੋਮਵਾਰ ( ਫੈਮਲੀ ਡੇ ) ਵਾਲੇ ਦਿਨ, ਫਾਲਕਿਨਰਿਜ ਕਮਿਊਨਿਟੀ ਹਾਲ ਵਿਖੇ, “ਲੋਕ ਕੀ ਕਹਿਣਗੇ” ਦੇ ਬੈਨਰ ਹੇਠ ਕਰਵਾਏ ਜਾ ਰਹੇ ਪ੍ਰੋਗਰਾਮ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ। ਇਹ ਪ੍ਰੋਗਰਾਮ 11.00 ਵਜੇ ਸ਼ੁਰੂ ਹੋਵੇਗਾ, ਜਿਸ ਵਿੱਚ ਸਰੋਤਿਆਂ ਦੀ ਲੇਖਕਾਂ ਅਤੇ ਕਿਤਾਬਾਂ ਨਾਲ ਮੁਲਾਕਾਤ ਕਰਵਾਈ ਜਾਵੇਗੀ ਅਤੇ ਸਭਾ ਦੇ ਦਸਾਂ ਸਾਲਾਂ ਦੇ ਸੁਹਾਵਣੇ ਸਫ਼ਰ ਦੀਆਂ ਫੋਟੋਆਂ ਨੂੰ, ਇਕ ਸਲਾਈਡ ਸ਼ੋਅ ਰਾਹੀਂ ਦ੍ਰਿਸ਼ਟਮਾਨ ਕੀਤਾ ਜਾਵੇਗਾ। ਸੀਨੀਅਰਜ਼  ਦੇ ਮੁੱਦਿਆਂ ਬਾਰੇ ਗੱਲ ਬਾਤ ਹੋਵੇਗੀ ਅਤੇ ਯੰਗਸਤਾਨ ਵਲੋਂ ਇਕ ਕੁਇਜ਼ ਰਾਹੀਂ, ਬਜ਼ੁਰਗਾਂ ਅਤੇ ਬੱਚਿਆਂ ਵਿਚਲੇ ਫ਼ਾਸਲੇ ਨੂੰ ਘਟਾਉਣ ਦਾ ਯਤਨ ਕੀਤਾ ਜਾਏਗਾ। ਇਸ ਸਬੰਧੀ ਇੱਕ ਸਕਿੱਟ ਕਰਵਾ ਕੇ ਸਰੋਤਿਆਂ ਦਾ ਮਨੋਰੰਜਨ ਵੀ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦੇ ਸਬੰਧ ਵਿੱਚ ਗੁਰਚਰਨ ਥਿੰਦ ਨੇ ਵਲੰਟੀਅਰ ਸੇਵਾਵਾਂ ਬਾਰੇ ਭੈਣਾਂ ਦੀ ਸਹਿਮਤੀ ਨਾਲ ਉਨ੍ਹਾਂ ਦੇ ਕੰਮਾਂ ਦੀ ਵੰਡ ਕੀਤੀ।
ਨਵੀਆਂ ਆਈਆਂ ਭੈਣਾਂ ਨਾਲ ਜਾਣ ਪਛਾਣ ਕਰਵਾਈ ਜਿਨ੍ਹਾਂ ਵਿੱਚ ਵੀਰਪਾਲ ਕੌਰ ਮੁਹਾਲੀ, ਸੁਰਿੰਦਰ ਕੌਰ ਕੰਗ ਅਤੇ ਉਸ ਦੀ ਪੰਜ ਸਾਲਾਂ ਦੀ ਪੋਤੀ ਰਹਿਮਤ, ਪ੍ਰਿਅੰਕਾ ਅਤੇ ਅਮਰਜੀਤ ਕੌਰ ਥਰੀਕੇ ਸ਼ਾਮਲ ਸਨ।
ਸਭ ਤੋਂ ਪਹਿਲਾਂ ਸਭਾ ਦੀ ਦਸਵੀਂ ਵਰ੍ਹੇ ਗੰਢ ਤੇ ਕੇਕ ਕੱਟ ਕੇ, ਸਭਾ ਵੱਲੋਂ ਖੁਸ਼ੀ ਮਨਾਈ ਗਈ। ਰਚਨਾਵਾਂ ਦੇ ਦੌਰ ਵਿੱਚ, ਗੁਰਦੀਸ਼ ਕੌਰ ਗਰੇਵਾਲ ਨੇ- ‘ਲੋਹੜੀ ਤੇ ਇਕ ਅਰਜ਼ੋਈ’ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵਿਤਾਵਾਂ ਸੁਣਾ ਕੇ ਆਰੰਭਤਾ ਕੀਤੀ। ਮੁਖਤਿਆਰ ਕੌਰ ਧਾਲੀਵਾਲ, ਪ੍ਰਿੰਸੀਪਲ ਚਰਨਦੀਪ ਕੌਰ ਅਤੇ ਜੁਗਿੰਦਰ ਪੁਰਬਾ ਨੇ ਲੋਹੜੀ ਦੇ ਗੀਤ ਗਾਏ। ਬਲਦੇਵ ਕੌਰ, ਹਰਜੀਤ ਕੌਰ ਜੌਹਲ, ਸੁਰਿੰਦਰ ਕੌਰ ਗਿੱਲ, ਅਮਰਜੀਤ ਸੱਗੂ ਅਤੇ ਬਲਵੀਰ ਕੌਰ ਗਰੇਵਾਲ ਨੇ ਲੋਕ ਗੀਤ ਗਾ ਕੇ ਰੌਣਕਾਂ ਲਾ ਦਿੱਤੀਆਂ। ਇੰਦੂ ਸ਼ਰਮਾ ਨੇ ‘ਭਾਵੇਂ ਬੂਟ ਪਾਲਸ਼ਾਂ ਕਰੀਏ’ ਗਾਣੇ ਤੇ ਡਾਂਸ ਕਰਕੇ ਰੰਗ ਬੰਨ੍ਹ ਦਿੱਤਾ।ਕਿਰਨ ਕਲਸੀ ਨੇ ਸ਼ੈਕਸਪੀਅਰ ਦੇ ਲਿਖੇ ਟੋਟਕੇ ਸੁਣਾਏ।
ਸਭਾ ਦੇ ਪ੍ਰਧਾਨ ਸ੍ਰੀਮਤੀ ਬਲਵਿੰਦਰ ਕੌਰ ਬਰਾੜ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਫ਼ 42 ਸਾਲ ਦੀ ਉਮਰ ਵਿਚ ਉਹ ਕਾਰਨਾਮੇ ਕਰ ਦਿਖਾਏ, ਜੋ ਪੂਰੀ ਦੁਨੀਆਂ ਵਿੱਚ ਅੱਜ ਤੱਕ ਕੋਈ ਨਹੀਂ ਕਰ ਸਕਿਆ। ਅਖੀਰ ਵਿੱਚ ਉਹਨਾਂ ਨੇ ਸਭ ਦਾ ਇਸ ਮੀਟਿੰਗ ਵਿੱਚ ਆਉਣ ਲਈ ਧੰਨਵਾਦ ਵੀ ਕੀਤਾ।
ਬਰੇਕ ਸਮੇਂ, ਦੁਪਹਿਰ ਦੇ ਖਾਣੇ ਵਿੱਚ ਮੱਕੀ ਦੀ ਰੋਟੀ ਅਤੇ ਸਾਗ ਦਾ ਸਮੂਹ ਮੈਂਬਰਾਂ ਨੇ ਆਨੰਦ ਮਾਣਿਆਂ। ਸ਼ਿਵਾਲਿਕ ਟੀ ਵੀ ਚੈਨਲ ਵੱਲੋਂ ਪਰਮਜੀਤ ਸਿੰਘ ਭੰਗੂ ਤੋਂ ਇਲਾਵਾ, ਬੀ.ਟੀ. ਵੀ., ਅਤੇ ‘ਬਾਤ ਪੰਜਾਬ ਦੀ’ ਚੈਨਲ ਵੱਲੋਂ ਵੀ ਮੀਟਿੰਗ ਦੀ ਕਵਰੇਜ ਕੀਤੀ ਗਈ।