ਸੰਘਣੀ ਧੁੰਦ ਕਾਰਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਜਲੰਧਰ ਦੌਰਾ ਰੱਦ

ਨਿਊਜ਼ ਪੰਜਾਬ

16 ਜਨਵਰੀ 2026

ਦੇਸ਼ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਜਲੰਧਰ ਦੌਰੇ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਖ਼ਰਾਬ ਮੌਸਮ ਅਤੇ ਸੰਘਣੀ ਧੁੰਦ ਕਾਰਨ ਰਾਸ਼ਟਰਪਤੀ ਦਾ ਜਲੰਧਰ ਦੌਰਾ ਅਚਾਨਕ ਰੱਦ ਕਰਨਾ ਪਿਆ ਹੈ। ਜਾਣਕਾਰੀ ਮੁਤਾਬਕ, ਮੌਸਮ ਸਾਫ਼ ਨਾ ਹੋਣ ਕਾਰਨ ਉਨ੍ਹਾਂ ਦੀ ਫਲਾਈਟ ਉਡਾਣ ਨਹੀਂ ਭਰ ਸਕੀ, ਜਿਸ ਕਾਰਨ ਉਹ ਨਿਰਧਾਰਿਤ ਸਮਾਗਮ ਵਿੱਚ ਨਹੀਂ ਪਹੁੰਚ ਸਕੇ।

ਤੈਅ ਪ੍ਰੋਗਰਾਮ ਅਨੁਸਾਰ ਰਾਸ਼ਟਰਪਤੀ ਨੇ ਅੰਮ੍ਰਿਤਸਰ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਜਲੰਧਰ ਪਹੁੰਚਣਾ ਸੀ। ਪਰ ਅੰਮ੍ਰਿਤਸਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਪੈ ਰਹੀ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਕਾਫ਼ੀ ਘੱਟ ਰਹੀ, ਜਿਸ ਦੇ ਚਲਦਿਆਂ ਸੁਰੱਖਿਆ ਕਾਰਨਾਂ ਕਰਕੇ ਫਲਾਈਟ ਨੂੰ ਟੇਕ-ਆਫ਼ ਦੀ ਇਜਾਜ਼ਤ ਨਹੀਂ ਮਿਲੀ।

ਰਾਸ਼ਟਰਪਤੀ ਮੁਰਮੂ ਨੂੰ ਜਲੰਧਰ ਦੇ ਡਾ. ਬੀਆਰ ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਵਿੱਚ ਕਰਵਾਏ ਜਾ ਰਹੇ ਕਨਵੋਕੇਸ਼ਨ (ਦੀਖਾਂਤ) ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨੀ ਸੀ। ਉਨ੍ਹਾਂ ਦੇ ਦੌਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਸਥਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ ਅਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਲਾਗੂ ਸਨ।ਹਾਲਾਂਕਿ ਫਲਾਈਟ ਰੱਦ ਹੋਣ ਕਾਰਨ ਰਾਸ਼ਟਰਪਤੀ ਵਿਅਕਤੀਗਤ ਤੌਰ ‘ਤੇ ਸਮਾਗਮ ਵਿੱਚ ਹਾਜ਼ਰ ਨਹੀਂ ਹੋ ਸਕਣਗੇ। ਇਸ ਫੈਸਲੇ ਨਾਲ ਸਮਾਗਮ ਵਿੱਚ ਸ਼ਾਮਲ ਹੋਣ ਆਏ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਵਿੱਚ ਕੁਝ ਨਿਰਾਸ਼ਾ ਜ਼ਰੂਰ ਵੇਖੀ ਗਈ, ਪਰ ਖ਼ਰਾਬ ਮੌਸਮ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਸ਼ਾਸਨ ਵੱਲੋਂ ਇਹ ਕਦਮ ਲਿਆ ਗਿਆ।