ਨਿਊਜ਼ ਪੰਜਾਬ
13 ਜਨਵਰੀ 2026
ਭਾਰਤ ਵਿੱਚ ਕਵਿੱਕ ਕਾਮਰਸ ਉਦਯੋਗ ਨਾਲ ਜੁੜੀ ਇੱਕ ਵੱਡੀ ਤੇ ਅਹਿਮ ਖ਼ਬਰ ਸਾਹਮਣੇ ਆਈ ਹੈ। ਕਵਿੱਕ ਡਿਲੀਵਰੀ ਕੰਪਨੀ Blinkit ਨੇ ਆਪਣੇ ਸਾਰੇ ਬ੍ਰਾਂਡ ਪਲੇਟਫਾਰਮਾਂ, ਇਸ਼ਤਿਹਾਰਾਂ ਅਤੇ ਸੋਸ਼ਲ ਮੀਡੀਆ ਤੋਂ “10-ਮਿੰਟ ਡਿਲੀਵਰੀ” ਦਾ ਦਾਅਵਾ ਪੂਰੀ ਤਰ੍ਹਾਂ ਹਟਾ ਦਿੱਤਾ ਹੈ। ਇਹ ਫੈਸਲਾ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ Mansukh Mandaviya ਦੀ ਮਜ਼ਬੂਤ ਪਹਿਲਕਦਮੀ ਤੋਂ ਬਾਅਦ ਲਿਆ ਗਿਆ ਹੈ, ਜਿਸਦਾ ਮੁੱਖ ਮਕਸਦ ਡਿਲੀਵਰੀ ਕਰਮਚਾਰੀਆਂ ਦੀ ਜਾਨ ਦੀ ਸੁਰੱਖਿਆ ਅਤੇ ਉਨ੍ਹਾਂ ਲਈ ਬਿਹਤਰ ਕੰਮਕਾਜੀ ਮਾਹੌਲ ਯਕੀਨੀ ਬਣਾਉਣਾ ਹੈ।
ਕਿਰਤ ਮੰਤਰੀ ਮਨਸੁਖ ਮੰਡਾਵੀਆ ਨੇ ਹਾਲ ਹੀ ਵਿੱਚ Zepto, Swiggy, Zomato ਅਤੇ ਬਲਿੰਕਿਟ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਉੱਚ-ਪੱਧਰੀ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਮੰਤਰੀ ਨੇ ਸਪਸ਼ਟ ਤੌਰ ‘ਤੇ ਕਿਹਾ ਕਿ ਸਖ਼ਤ ਡਿਲੀਵਰੀ ਸਮੇਂ ਦੀਆਂ ਹੱਦਾਂ ਡਿਲੀਵਰੀ ਪਾਰਟਨਰਾਂ ‘ਤੇ ਬੇਹੱਦ ਦਬਾਅ ਪਾਉਂਦੀਆਂ ਹਨ, ਜਿਸ ਕਾਰਨ ਉਹ ਤੇਜ਼ ਰਫ਼ਤਾਰ ‘ਚ ਗੱਡੀਆਂ ਚਲਾਉਣ ਲਈ ਮਜਬੂਰ ਹੁੰਦੇ ਹਨ ਅਤੇ ਸੜਕ ਹਾਦਸਿਆਂ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ।
ਮੀਟਿੰਗ ਵਿੱਚ ਸ਼ਾਮਲ ਸਾਰੀਆਂ ਕੰਪਨੀਆਂ ਨੇ ਸਰਕਾਰ ਨੂੰ ਭਰੋਸਾ ਦਿੱਤਾ ਕਿ ਉਹ ਆਪਣੇ ਇਸ਼ਤਿਹਾਰਾਂ, ਐਪਸ, ਵੈੱਬਸਾਈਟਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ 10 ਜਾਂ 15 ਮਿੰਟ ਵਰਗੀਆਂ ਤੈਅ ਡਿਲੀਵਰੀ ਟਾਈਮ ਕਮਿਟਮੈਂਟਸ ਨੂੰ ਹਟਾ ਦੇਣਗੀਆਂ। ਇਸ ਦਿਸ਼ਾ ਵਿੱਚ ਬਲਿੰਕਿਟ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਹ ਦਾਅਵਾ ਹਟਾ ਦਿੱਤਾ ਹੈ, ਜਦਕਿ ਹੋਰ ਕੰਪਨੀਆਂ ਵੱਲੋਂ ਵੀ ਜਲਦੀ ਹੀ ਇਸ ਫੈਸਲੇ ਦੀ ਪਾਲਣਾ ਕਰਨ ਦੀ ਉਮੀਦ ਹੈ।
ਦੱਸਣਯੋਗ ਹੈ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਗਿਗ ਵਰਕਰ ਯੂਨੀਅਨਾਂ ਵੱਲੋਂ ਲਗਾਤਾਰ ਵਿਰੋਧ ਪ੍ਰਦਰਸ਼ਨ ਅਤੇ ਹੜਤਾਲਾਂ ਕੀਤੀਆਂ ਜਾ ਰਹੀਆਂ ਸਨ। ਯੂਨੀਅਨਾਂ ਦਾ ਕਹਿਣਾ ਸੀ ਕਿ 10–20 ਮਿੰਟ ਦੇ ਅਤਿ-ਤੇਜ਼ ਡਿਲੀਵਰੀ ਮਾਡਲ ਕਾਰਨ ਡਿਲੀਵਰੀ ਪਾਰਟਨਰਾਂ ਦੀ ਜਾਨ ਖ਼ਤਰੇ ‘ਚ ਪੈਂਦੀ ਹੈ। ਇਸ ਸਬੰਧੀ 31 ਦਸੰਬਰ 2025 ਨੂੰ ਨਵੇਂ ਸਾਲ ਦੀ ਸ਼ਾਮ ਵੀ ਹੜਤਾਲ ਕੀਤੀ ਗਈ ਅਤੇ ਕਿਰਤ ਮੰਤਰੀ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ।
ਸਰਕਾਰ ਵੱਲੋਂ ਇਨ੍ਹਾਂ ਗੰਭੀਰ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਕੰਪਨੀਆਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ। ਨਤੀਜੇ ਵਜੋਂ ਹੁਣ ਕਵਿੱਕ ਕਾਮਰਸ ਖੇਤਰ ਵਿੱਚ ਰਫ਼ਤਾਰ ਦੀ ਥਾਂ ਸੁਰੱਖਿਆ ਅਤੇ ਮਨੁੱਖੀ ਪੱਖ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕਦਮ ਹਜ਼ਾਰਾਂ ਡਿਲੀਵਰੀ ਕਰਮਚਾਰੀਆਂ ਲਈ ਵੱਡੀ ਰਾਹਤ ਸਾਬਤ ਹੋਵੇਗਾ, ਜੋ ਹਰ ਰੋਜ਼ ਟ੍ਰੈਫਿਕ ਅਤੇ ਮੌਸਮ ਦੀਆਂ ਮੁਸ਼ਕਲ ਹਾਲਾਤਾਂ ਵਿੱਚ ਕੰਮ ਕਰਦੇ ਹਨ।
ਹੁਣ ਕੀ ਬਦਲੇਗਾ?
ਹੁਣ ਕੰਪਨੀਆਂ ਆਪਣੇ ਇਸ਼ਤਿਹਾਰਾਂ ‘ਚ ਤੈਅ ਸਮੇਂ ਦੀ ਡਿਲੀਵਰੀ ਦਾ ਵਾਅਦਾ ਨਹੀਂ ਕਰਨਗੀਆਂ। ਇਸਦਾ ਮਤਲਬ ਇਹ ਨਹੀਂ ਕਿ ਡਿਲੀਵਰੀ ਬਹੁਤ ਦੇਰ ਨਾਲ ਹੋਵੇਗੀ, ਸਗੋਂ ਧਿਆਨ ਇਸ ਗੱਲ ‘ਤੇ ਰਹੇਗਾ ਕਿ ਬਿਨਾਂ ਬੇਲੋੜੇ ਦਬਾਅ ਦੇ ਸੁਰੱਖਿਅਤ ਅਤੇ ਸੁਚੱਜੀ ਡਿਲੀਵਰੀ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਜਦੋਂ ਜ਼ਰੂਰੀ ਚੀਜ਼ਾਂ ਦੀ ਤੇਜ਼ ਡਿਲੀਵਰੀ ਦੀ ਮੰਗ ਵਧੀ, ਉਸ ਸਮੇਂ ਅੱਧੇ ਘੰਟੇ ਦੇ ਅੰਦਰ ਡਿਲੀਵਰੀ ਵੀ ਵੱਡੀ ਗੱਲ ਮੰਨੀ ਜਾਂਦੀ ਸੀ। ਬਾਅਦ ਵਿੱਚ ਇਹ ਮਾਡਲ 10 ਮਿੰਟ ਤੱਕ ਆ ਗਿਆ। ਹੁਣ ਸਰਕਾਰ ਦੇ ਇਸ ਕਦਮ ਨਾਲ ਕਵਿੱਕ ਕਾਮਰਸ ਉਦਯੋਗ ਇੱਕ ਨਵੇਂ ਦੌਰ ‘ਚ ਦਾਖ਼ਲ ਹੋ ਰਿਹਾ ਹੈ, ਜਿੱਥੇ ਰਫ਼ਤਾਰ ਤੋਂ ਵੱਧ ਕਰਮਚਾਰੀਆਂ ਦੀ ਜਾਨ ਅਤੇ ਸੁਰੱਖਿਆ ਨੂੰ ਅਹਿਮ ਮੰਨਿਆ ਜਾ ਰਿਹਾ ਹੈ।
