ਪਾਕਿਸਤਾਨ ਗਈ ਪੰਜਾਬ ਦੀ ਸਰਬਜੀਤ ਕੌਰ ਮਾਮਲਾ: ਲਾਹੌਰ ਹਾਈ ਕੋਰਟ ਦਾ ਸਖ਼ਤ ਰੁਖ, ਸਰਕਾਰ ਤੋਂ 2 ਹਫ਼ਤਿਆਂ ਵਿੱਚ ਜਵਾਬ ਤਲਬ

ਨਿਊਜ਼ ਪੰਜਾਬ

11 ਜਨਵਰੀ 2026

ਪਾਕਿਸਤਾਨ ਗਈ ਪੰਜਾਬ ਦੀ ਸਰਬਜੀਤ ਕੌਰ ਦੇ ਮਾਮਲੇ ਵਿੱਚ ਵੱਡਾ ਨਵਾਂ ਮੋੜ ਆਇਆ ਹੈ। Lahore High Court ਨੇ ਇਸ ਮਾਮਲੇ ਦਾ ਸੁਓ ਮੋਟੋ ਨੋਟਿਸ ਲੈਂਦਿਆਂ ਪਾਕਿਸਤਾਨੀ ਸਰਕਾਰ ਤੋਂ ਦੋ ਹਫ਼ਤਿਆਂ ਦੇ ਅੰਦਰ ਵਿਸਤ੍ਰਿਤ ਜਵਾਬ ਮੰਗਿਆ ਹੈ। ਅਦਾਲਤ ਨੇ ਪੰਜਾਬੀ ਮਹਿਲਾ ਸਰਬਜੀਤ ਕੌਰ ਦੇ ਪਾਕਿਸਤਾਨ ਵਿੱਚ ਵਿਆਹ ਕਰਵਾਉਣ ਦੇ ਮਾਮਲੇ ’ਤੇ ਸਖ਼ਤ ਟਿੱਪਣੀਆਂ ਕਰਦਿਆਂ ਕਈ ਗੰਭੀਰ ਸਵਾਲ ਖੜੇ ਕੀਤੇ ਹਨ।

ਹਾਈ ਕੋਰਟ ਨੇ ਪੁੱਛਿਆ ਹੈ ਕਿ ਸਰਬਜੀਤ ਕੌਰ ਭਾਰਤ ਤੋਂ ਆਏ ਸਿੱਖ ਯਾਤਰੀ ਸਮੂਹ ਤੋਂ ਕਿਵੇਂ ਵੱਖ ਹੋ ਗਈ। ਉਸ ਦੀ ਦੇਸ਼ ਨਿਕਾਲੇ (ਡਿਪੋਰਟੇਸ਼ਨ) ਸੰਬੰਧੀ ਸਥਿਤੀ ਕੀ ਹੈ, ਉਸਨੂੰ ਕਾਨੂੰਨੀ ਤੌਰ ’ਤੇ ਕਿਸ ਅਥਾਰਟੀ ਦੇ ਹਵਾਲੇ ਕੀਤਾ ਗਿਆ ਸੀ ਅਤੇ ਇਸ ਮਾਮਲੇ ਵਿੱਚ ਲਾਪਰਵਾਹੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਵਿਰੁੱਧ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ। ਅਦਾਲਤ ਨੇ ਯਾਤਰਾ ਵੀਜ਼ੇ ਰਾਹੀਂ ਸਿੱਖ ਭਾਈਚਾਰੇ ਨੂੰ ਹੋਏ ਸੰਭਾਵਿਤ ਨੁਕਸਾਨ ਬਾਰੇ ਵੀ ਸਪਸ਼ਟੀਕਰਨ ਮੰਗਿਆ ਹੈ।

ਗੌਰਤਲਬ ਹੈ ਕਿ ਸਰਬਜੀਤ ਕੌਰ 4 ਜਨਵਰੀ ਨੂੰ ਸਿੱਖ ਗੁਰੂਆਂ ਨਾਲ ਸਬੰਧਤ ਧਾਰਮਿਕ ਅਸਥਾਨਾਂ ਦੀ ਯਾਤਰਾ ਦੇ ਬਹਾਨੇ ਇੱਕ ਸਿੱਖ ਸਮੂਹ ਨਾਲ ਪਾਕਿਸਤਾਨ ਗਈ ਸੀ, ਪਰ ਬਾਅਦ ਵਿੱਚ ਉਹ ਗਾਇਬ ਹੋ ਗਈ। ਬਾਅਦ ਵਿੱਚ ਸਾਹਮਣੇ ਆਇਆ ਕਿ ਉਸਨੇ ਇਸਲਾਮ ਧਰਮ ਕਬੂਲ ਕਰ ਲਿਆ, ਆਪਣਾ ਨਾਮ ਨੂਰ ਫਾਤਿਮਾ ਰੱਖ ਲਿਆ ਅਤੇ ਇੱਕ ਮੁਸਲਿਮ ਵਿਅਕਤੀ ਨਾਲ ਨਿਕਾਹ ਕਰ ਲਿਆ। ਨਿਕਾਹਨਾਮੇ ਦੇ ਦਸਤਾਵੇਜ਼ ਅਤੇ ਵਿਆਹ ਦੀ ਵੀਡੀਓ ਸਾਹਮਣੇ ਆਉਣ ਨਾਲ ਮਾਮਲਾ ਹੋਰ ਵੀ ਗੰਭੀਰ ਬਣ ਗਿਆ।ਬਾਅਦ ਵਿੱਚ ਉਸਨੂੰ ਪਾਕਿਸਤਾਨ ਦੇ ਨਨਕਾਣਾ ਸਾਹਿਬ ਜ਼ਿਲ੍ਹੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਅਤੇ ਲਾਹੌਰ ਦੇ ਦਾਰੁਲ ਅਮਾਨ ਸ਼ੈਲਟਰ ਹੋਮ ਵਿੱਚ ਰੱਖਿਆ ਗਿਆ।