ਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ: ਸੋਸ਼ਲ ਮੀਡੀਆ ’ਤੇ ਹਥਿਆਰਾਂ ਨਾਲ ਵੀਡੀਓ ਪਾਉਣ ਵਾਲੀ ਲੜਕੀ ਗ੍ਰਿਫ਼ਤਾਰ

ਨਿਊਜ਼ ਪੰਜਾਬ

8 ਜਨਵਰੀ 2026

ਬਠਿੰਡਾ ਅੰਦਰ ਸੋਸ਼ਲ ਮੀਡੀਆ ‘ਤੇ ਹਥਿਆਰਾਂ ਦੀ ਨੁਮਾਇਸ਼ ਕਰਨ ਦੇ ਲਗਾਤਾਰ ਮਾਮਲੇ ਵੱਧਦੇ ਜਾ ਰਹੇ ਹਨ। ਲੜਕਿਆਂ ਤੋਂ ਬਾਅਦ ਹੁਣ ਲੜਕੀਆਂ ਵੀ ਸੋਸ਼ਲ ਮੀਡੀਆ ਉੱਤੇ ਹਥਿਆਰਾਂ ਦੀ ਨੁਮਾਇਸ਼ ਕਰਦੀ ਹੋਈਆਂ ਵਾਇਰਲ ਹੋ ਰਹੀਆਂ ਹਨ। ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਬਠਿੰਡਾ ਸਦਰ ਥਾਣਾ ਪੁਲਿਸ ਨੇ ਹਥਿਆਰਾਂ ਨਾਲ ਵੀਡੀਓ ਪਾਉਣ ਵਾਲੀ ਲੜਕੀ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।

ਥਾਣਾ ਸਦਰ ਦੇ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਥਿਆਰਾਂ ਦੀ ਨੁਮਾਇਸ਼ ਕਰਕੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਆਉਣ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਇਸ ਲੜਕੀ ਖਿਲਾਫ ਬਣਦੀ ਕਾਰਵਾਈ ਕਰਕੇ ਇਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਸੋਸ਼ਲ ਮੀਡੀਆ ‘ਤੇ ਹਥਿਆਰਾਂ ਦੇ ਪ੍ਰਦਰਸ਼ਨ ਅਤੇ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ‘ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਇਸੇ ਤਹਿਤ ਲੜਕੀ ਖਿਲਾਫ ਬਠਿੰਡਾ ਥਾਣੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ।