ਪੰਜਾਬ’ਚ 606 ਨਵੇਂ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ, CM ਮਾਨ ਨੇ ਕਿਹਾ – “ਤੁਸੀਂ ਸਭ ਮੇਰਾ ਪਰਿਵਾਰ ਹੋ”

ਨਿਊਜ਼ ਪੰਜਾਬ

3 ਜਨਵਰੀ 2026

ਪੰਜਾਬ ਸਰਕਾਰ ਵੱਲੋਂ ਅੱਜ ਸਿੱਖਿਆ ਵਿਭਾਗ ਵਿੱਚ ਨਿਯੁਕਤ ਕੀਤੇ ਗਏ 606 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਇਸ ਸਬੰਧੀ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਇੱਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵ-ਨਿਯੁਕਤ ਕਰਮਚਾਰੀਆਂ ਨੂੰ ਅਪਾਇੰਟਮੈਂਟ ਲੇਟਰ ਪ੍ਰਦਾਨ ਕੀਤੇ।

ਸਮਾਰੋਹ ਦੌਰਾਨ ਮੁੱਖ ਮੰਤਰੀ ਨੇ ਕਰਮਚਾਰੀਆਂ ਨੂੰ ਨਵੇਂ ਸਾਲ ਅਤੇ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਸਮਾਗਮ ਕਿਸੇ ਤਰ੍ਹਾਂ ਦਾ ਕਰੈਡਿਟ ਲੈਣ ਲਈ ਨਹੀਂ, ਸਗੋਂ ਅਧਿਕਾਰੀਆਂ ਨਾਲ ਸਿੱਧਾ ਆਈ-ਕਾਂਟੈਕਟ ਬਣਾਉਣ ਲਈ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੱਕ ਜਿਨ੍ਹਾਂ ਲੋਕਾਂ ਨੇ ਨਿਯੁਕਤੀ ਪੱਤਰ ਲਿਖਣੇ ਸੀ, ਉਹਨਾਂ ਦਾ ਪੈਨ ਸਿਰਫ਼ ਆਪਣੇ ਚੇਲਿਆਂ ਅਤੇ ਸਾਥੀਆਂ ਲਈ ਹੀ ਚਲਦਾ ਰਿਹਾ, ਪਰ ਹੁਣ ਉਹ ਦੌਰ ਖਤਮ ਹੋ ਚੁੱਕਾ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ 606 ਨਵੀਆਂ ਭਰਤੀਆਂ ਵਿੱਚੋਂ 385 ਸਪੈਸ਼ਲ ਐਜੂਕੇਟਰ ਅਧਿਆਪਕ ਅਤੇ 8 ਪ੍ਰਿੰਸਿਪਲ ਸ਼ਾਮਲ ਹਨ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਮੇਤ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਰਹੇ।

CM ਮਾਨ ਨੇ ਭਾਵੁਕ ਅੰਦਾਜ਼ ਵਿੱਚ ਕਿਹਾ,

“ਤੁਸੀਂ ਸਭ ਮੇਰਾ ਪਰਿਵਾਰ ਹੋ। ਜਿੰਨੀ ਖੁਸ਼ੀ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਨੌਕਰੀ ਮਿਲਣ ‘ਤੇ ਹੁੰਦੀ ਹੈ, ਓਹਨੀ ਹੀ ਖੁਸ਼ੀ ਅੱਜ ਮੈਨੂੰ ਤੁਹਾਨੂੰ ਨੌਕਰੀ ਮਿਲਣ ‘ਤੇ ਹੋ ਰਹੀ ਹੈ। ਤੁਹਾਡੇ ਪਰਿਵਾਰਾਂ ਨੇ ਜੋ ਸੁਪਨੇ ਸੰਭਾਲ ਕੇ ਰੱਖੇ ਸਨ, ਉਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ।”

ਇਸ ਸਮਾਰੋਹ ਨੂੰ ਸਿੱਖਿਆ ਖੇਤਰ ਵਿੱਚ ਪਾਰਦਰਸ਼ੀ ਅਤੇ ਨਿਆਂਪੂਰਕ ਭਰਤੀ ਪ੍ਰਕਿਰਿਆ ਵੱਲ ਇੱਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾ ਰਿਹਾ ਹੈ।