ਨਿਊਜ਼ ਪੰਜਾਬ
30 ਦਸੰਬਰ 2025
ਪੰਜਾਬ ਵਿੱਚ ਪਾਬੰਦੀ ਲੱਗਣ ਦੇ ਬਾਵਜੂਦ ਚਾਈਨਾ ਡੋਰ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਮਾਮਲਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਹੈ, ਜਿੱਥੇ ਟਿਊਸ਼ਨ ਪੜ੍ਹ ਕੇ ਘਰ ਪਰਤ ਰਹੇ ਇੱਕ ਵਿਦਿਆਰਥੀ ਦੀ ਗਰਦਨ ਅਤੇ ਚਿਹਰਾ ਚਾਈਨਾ ਡੋਰ ਨਾਲ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਿਆ। ਡੋਰ ਇੰਨੀ ਤੇਜ਼ ਸੀ ਕਿ ਬੱਚੇ ਦਾ ਗਲਾ ਕੱਟ ਗਿਆ। ਗਨੀਮਤ ਇਹ ਰਹੀ ਕਿ ਬੱਚਾ ਬਚ ਗਿਆ, ਪਰ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਓਪਰੇਸ਼ਨ ਥੀਏਟਰ ਵਿੱਚ ਟਾਂਕੇ ਲਗਾਏ ਜਾ ਰਹੇ ਹਨ।
ਇਹ ਘਟਨਾ ਸਿਸਟਮ ਅਤੇ ਪ੍ਰਸ਼ਾਸਨ ਦੀ ਨਾਕਾਮੀ ਵੱਲ ਸਿੱਧਾ ਇਸ਼ਾਰਾ ਕਰਦੀ ਹੈ। ਸਵਾਲ ਇਹ ਉੱਠਦਾ ਹੈ ਕਿ ਜਦੋਂ ਚਾਈਨਾ ਡੋਰ ‘ਤੇ ਪੂਰੀ ਤਰ੍ਹਾਂ ਪਾਬੰਦੀ ਹੈ ਤਾਂ ਇਹ ਖ਼ਤਰਨਾਕ ਡੋਰ ਆਖ਼ਰ ਆ ਰਹੀ ਕਿੱਥੋਂ ਹੈ? ਕਿਹੜੀਆਂ ਫੈਕਟਰੀਆਂ ਅਤੇ ਕਿਹੜਾ ਮਾਫੀਆ ਇਸ ਮੌਤ ਦੀ ਡੋਰ ਨੂੰ ਤਿਆਰ ਕਰਕੇ ਦੁਕਾਨਦਾਰਾਂ ਤੱਕ ਪਹੁੰਚਾ ਰਿਹਾ ਹੈ? ਹਰ ਸਾਲ ਬਸੰਤ ਦੇ ਮੌਸਮ ਦੌਰਾਨ ਚਾਈਨਾ ਡੋਰ ਕਈ ਨੌਜਵਾਨਾਂ, ਬਜ਼ੁਰਗਾਂ ਅਤੇ ਮਾਸੂਮ ਬੱਚਿਆਂ ਦੀਆਂ ਜਾਨਾਂ ਲੈ ਚੁੱਕੀ ਹੈ, ਪਰ ਇਸਦੇ ਬਾਵਜੂਦ ਠੋਸ ਕਾਰਵਾਈ ਨਜ਼ਰ ਨਹੀਂ ਆ ਰਹੀ।
ਲਗਾਤਾਰ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਜਦੋਂ ਤੱਕ ਚਾਈਨਾ ਡੋਰ ਦੇ ਗੈਰਕਾਨੂੰਨੀ ਵਪਾਰ ‘ਤੇ ਪੂਰੀ ਤਰ੍ਹਾਂ ਨੱਥ ਨਹੀਂ ਪਾਈ ਜਾਂਦੀ, ਤਦ ਤੱਕ ਮਾਸੂਮ ਜਾਨਾਂ ਖ਼ਤਰੇ ‘ਚ ਰਹਿਣਗੀਆਂ।
