ਨਿਊਜ਼ ਪੰਜਾਬ
25 ਦਸੰਬਰ 2025
ਕਰਨਾਟਕ ਵਿਚ ਬੁੱਧਵਾਰ ਦੇਰ ਰਾਤ ਭਿਆਨਕ ਸੜਕ ਹਾਦਸੇ ਵਿਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਰਨਾਟਕ ਦੇ ਚਿੱਤਰਦੁਰਗਾ ਜ਼ਿਲ੍ਹੇ ਵਿਚ ਇਕ ਨਿੱਜੀ ਸਲੀਪਰ ਕੋਚ ਬੱਸ ਇਕ ਟਰੱਕ ਨਾਲ ਟਕਰਾ ਗਈ, ਜਿਸ ਤੋਂ ਬਾਅਦ ਅੱਗ ਲੱਗ ਜਾਣ ਕਾਰਨ ਘੱਟੋ-ਘੱਟ 10 ਲੋਕ ਜ਼ਿੰਦਾ ਸੜ੍ਹ ਗਏ।
ਪੁਲਿਸ ਨੇ ਕਿਹਾ ਕਿ ਬੈਂਗਲੁਰੂ ਤੋਂ ਗੋਕਰਨ ਜਾ ਰਹੀ ਪ੍ਰਾਈਵੇਟ ਸਲੀਪਰ ਕੋਚ ਬੱਸ ਨੂੰ ਇਕ ਟਰੱਕ ਨੇ ਆਹਮੋ-ਸਾਹਮਣੇ ਟੱਕਰ ਮਾਰ ਦਿੱਤੀ ਅਤੇ ਬੱਸ ਨੂੰ ਤੁਰੰਤ ਅੱਗ ਲੱਗ ਗਈ। ਪੁਲਿਸ ਨੇ ਕਿਹਾ ਕਿ ਇਹ ਹਾਦਸਾ ਰਾਸ਼ਟਰੀ ਰਾਜਮਾਰਗ 48 ‘ਤੇ ਚਿੱਤਰਦੁਰਗਾ ਜ਼ਿਲ੍ਹੇ ਦੇ ਹਿਰੀਯੂਰ ਤਾਲੁਕ ਵਿਚ ਗੋਰਲਾਥੂ ਕਰਾਸ ਨੇੜੇ ਵਾਪਰਿਆ। ਬੈਂਗਲੁਰੂ ਜਾ ਰਿਹਾ ਟਰੱਕ ਡਿਵਾਈਡਰ ਪਾਰ ਕਰ ਬੱਸ ਨਾਲ ਟਕਰਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ। ਹਾਦਸੇ ਵਿੱਚ ਕਈ ਲੋਕ ਗੰਭੀਰ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਦਾ ਨੇੜਲੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ ਵਿਚ ਹੋਏ ਸੜਕ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਟਵਿੱਟਰ ‘ਤੇ ਇਕ ਪੋਸਟ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਰਨਾਟਕ ਦੇ ਚਿੱਤਰਦੁਰਗ ਜ਼ਿਲ੍ਹੇ ਵਿਚ ਹੋਏ ਹਾਦਸੇ ਵਿਚ ਹੋਏ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਹੁਤ ਦੁਖੀ ਹਾਂ। ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲਿਆਂ ਪ੍ਰਤੀ ਸਾਡੀ ਸੰਵੇਦਨਾ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਹਰੇਕ ਮ੍ਰਿਤਕ ਦੇ ਰਿਸ਼ਤੇਦਾਰ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ ਤੇ ਜ਼ਖਮੀਆਂ ਨੂੰ 50,000 ਰੁਪਏ ਦੀ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ।
