ਨਿਊਜ਼ ਪੰਜਾਬ
24 ਦਸੰਬਰ 2025
ਦਾਖਾ ਪੁਲਿਸ ਨੇ ਇੱਕ ਲੁਟੇਰਾ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਦੋਸ਼ੀਆਂ ਦੀ ਪਛਾਣ ਅਮਨਦੀਪ ਸਿੰਘ ਉਰਫ਼ ਅੰਮੂ ਅਤੇ ਗੁਰਜੀਤ ਸਿੰਘ ਉਰਫ਼ ਗੀਤਾ ਵਜੋਂ ਹੋਈ ਹੈ, ਜੋ ਕਿ ਪਿੰਡ ਚਚੜੜੀ, ਥਾਣਾ ਸਦਰ ਜਗਰਾਉਂ, ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਹਨ। 18 ਦਸੰਬਰ ਨੂੰ, ਦੋਸ਼ੀਆਂ ਨੇ ਭਾਵਨਾ ਅਰੋੜਾ, ਵਾਸੀ ਹੈਬੋਵਾਲ, ਲੁਧਿਆਣਾ ਤੋਂ ਬੰਦੂਕ ਦੀ ਨੋਕ ‘ਤੇ ਉਸਦਾ ਪਰਸ ਲੁੱਟ ਲਿਆ ਸੀ, ਜਿਸ ਵਿੱਚ 2 ਲੱਖ ਰੁਪਏ ਦਾ ਬੈਂਕ ਚੈੱਕ, 2,000 ਰੁਪਏ ਦੀ ਨਕਦੀ ਅਤੇ ਮਹੱਤਵਪੂਰਨ ਦਸਤਾਵੇਜ਼ ਸਨ।
ਡੀਐਸਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਭਾਵਨਾ ਅਰੋੜਾ ਲੁਧਿਆਣਾ ਪੱਖੋਵਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਰੋਡ ‘ਤੇ ਸਥਿਤ ਬਗਲਾਮੁਖੀ ਮੰਦਿਰ ਵਿੱਚ ਮੱਥਾ ਟੇਕਣ ਤੋਂ ਬਾਅਦ ਘਰ ਵਾਪਸ ਆ ਰਹੀ ਸੀ। ਮੋਟਰਸਾਈਕਲ ‘ਤੇ ਸਵਾਰ ਲੁਟੇਰਿਆਂ ਨੇ ਭਾਵਨਾ ਨੂੰ ਸੜਕ ‘ਤੇ ਘੇਰ ਲਿਆ, ਬੰਦੂਕ ਦੀ ਨੋਕ ‘ਤੇ ਉਸਦਾ ਪਰਸ ਲੁੱਟ ਲਿਆ ਅਤੇ ਭੱਜ ਗਏ। ਦਾਖਾ ਪੁਲਿਸ ਨੇ ਤਕਨੀਕੀ ਅਤੇ ਮਨੁੱਖੀ ਸਰੋਤਾਂ ਦੀ ਵਰਤੋਂ ਕਰਦੇ ਹੋਏ ਲੁਟੇਰਿਆਂ ਦੀ ਪਛਾਣ ਕੀਤੀ।
ਪੁਲਿਸ ਨੇ ਕਾਰਵਾਈ ਕਰਦੇ ਹੋਏ ਅੰਮੁ ਨਾਮ ਦੇ ਸ਼ਖਸ ਨੂੰ ਗ੍ਰਿਫਤਾਰ ਕੀਤਾ। ।ਅੰਮੂ ਨੂੰ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕਰਨ ਤੋਂ ਬਾਅਦ, ਗੁਰਜੀਤ ਸਿੰਘ ਉਰਫ਼ ਗੀਤਾ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਅਤੇ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮਾਂ ਤੋਂ ਦੋ ਗੈਰ-ਰਜਿਸਟਰਡ ਬਾਈਕ, ਇੱਕ ਆਈਫੋਨ ਅਤੇ ਡਕੈਤੀ ਵਿੱਚ ਵਰਤੇ ਗਏ ਇੱਕ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ ਸਨ। ਇਸ ਤੋਂ ਇਲਾਵਾ, ਲੁੱਟੇ ਗਏ ਪੈਸੇ ਅਤੇ ਦੋ ਲੱਖ ਰੁਪਏ ਦਾ ਬੈਂਕ ਚੈੱਕ ਬਰਾਮਦ ਕਰਨਾ ਬਾਕੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਦੋਵੇਂ ਬਾਈਕ ਲੁਟੇਰਿਆਂ ਨੇ ਚੋਰੀ ਕੀਤੀਆਂ ਸਨ । ਪੁਲਿਸ ਮੁਤਾਬਕ ਹੋਰ ਜਾਂਚ ਜਾਰੀ ਹੈ।
