ਨਿਊਜ਼ ਪੰਜਾਬ
20 ਦਸੰਬਰ 2025
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੱਛਮੀ ਬੰਗਾਲ ਅਤੇ ਅਸਾਮ ਦੇ ਦੋ ਦਿਨਾਂ ਦੌਰੇ ’ਤੇ ਰਵਾਨਾ ਹੋ ਰਹੇ ਹਨ। ਇਸ ਦੌਰੇ ਤੋਂ ਪਹਿਲਾਂ ਉਨ੍ਹਾਂ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਸਰਕਾਰ ’ਤੇ ਤਿੱਖਾ ਨਿਸ਼ਾਨਾ ਸਾਧਿਆ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਪੋਸਟ ਵਿੱਚ ਕਿਹਾ ਕਿ ਪੱਛਮੀ ਬੰਗਾਲ ਦੇ ਲੋਕ ਕੇਂਦਰ ਸਰਕਾਰ ਦੀਆਂ ਕਈ ਭਲਾਈ ਯੋਜਨਾਵਾਂ ਤੋਂ ਲਾਭ ਲੈ ਰਹੇ ਹਨ, ਪਰ ਰਾਜ ਵਿੱਚ ਤ੍ਰਿਣਮੂਲ ਕਾਂਗਰਸ ਦੇ ਕੁਪ੍ਰਬੰਧ ਕਾਰਨ ਲੋਕ ਪ੍ਰੇਸ਼ਾਨ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਬੰਗਾਲ ਵਿੱਚ ਲੋਕਾਂ ਨੂੰ ਲੁੱਟਣਾ, ਡਰਾਉਣਾ ਅਤੇ ਧਮਕਾਉਣਾ ਆਮ ਗੱਲ ਬਣ ਚੁੱਕੀ ਹੈ, ਜੋ ਲੋਕਤੰਤਰ ਲਈ ਗੰਭੀਰ ਚਿੰਤਾ ਦੀ ਗੱਲ ਹੈ।ਮੌਜੂਦਾ ਹਾਲਾਤਾਂ ਵਿੱਚ ਰਾਜ ਦੇ ਲੋਕਾਂ ਲਈ ਭਾਰਤੀ ਜਨਤਾ ਪਾਰਟੀ ਹੀ ਇਕੋ ਇਕ ਉਮੀਦ ਬਣ ਕੇ ਉਭਰੀ ਹੈ, ਜੋ ਵਿਕਾਸ ਅਤੇ ਸੁਸ਼ਾਸਨ ਦੇ ਮਾਡਲ ਨਾਲ ਅੱਗੇ ਵੱਧ ਰਹੀ ਹੈ।
ਦੌਰੇ ਦੌਰਾਨ ਪ੍ਰਧਾਨ ਮੰਤਰੀ ਪੱਛਮੀ ਬੰਗਾਲ ਵਿੱਚ ਲਗਭਗ 3,200 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸੀ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਬੁਨਿਆਦੀ ਢਾਂਚੇ, ਰੇਲਵੇ, ਸੜਕਾਂ ਅਤੇ ਜਨਕਲਿਆਣ ਨਾਲ ਜੁੜੀਆਂ ਯੋਜਨਾਵਾਂ ਸ਼ਾਮਲ ਹਨ।
ਇਸ ਤੋਂ ਬਾਅਦ ਉਹ ਅਸਾਮ ਪਹੁੰਚਣਗੇ, ਜਿੱਥੇ ਕਰੀਬ 15,600 ਕਰੋੜ ਰੁਪਏ ਦੇ ਵੱਡੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਇਹ ਪ੍ਰੋਜੈਕਟ ਰਾਜ ਦੇ ਆਰਥਿਕ ਵਿਕਾਸ, ਕਨੈਕਟਿਵਟੀ ਅਤੇ ਰੋਜ਼ਗਾਰ ਦੇ ਮੌਕੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਸ਼ਾਮ ਨੂੰ ਪ੍ਰਧਾਨ ਮੰਤਰੀ ਗੁਹਾਟੀ ਪਹੁੰਚਣਗੇ, ਜਿੱਥੇ ਉਹ ਕਈ ਸਰਕਾਰੀ ਸਮਾਗਮਾਂ ਵਿੱਚ ਸ਼ਿਰਕਤ ਕਰਨਗੇ।
ਰਾਜਨੀਤਿਕ ਮਾਹਿਰਾਂ ਮੁਤਾਬਕ, ਇਹ ਦੌਰਾ ਨਾ ਸਿਰਫ ਵਿਕਾਸੀ ਯੋਜਨਾਵਾਂ ਲਈ ਅਹਿਮ ਹੈ, ਸਗੋਂ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਸਿਆਸੀ ਤੌਰ ’ਤੇ ਵੀ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
