ਡੰਕੀ ਰੂਟ ਮਾਮਲਾ: ਈ.ਡੀ. ਦੀ ਪੰਜਾਬ ਤੇ ਦਿੱਲੀ ’ਚ ਵੱਡੀ ਛਾਪੇਮਾਰੀ, 4.62 ਕਰੋੜ ਨਕਦੀ ਸਮੇਤ ਸੋਨਾ-ਚਾਂਦੀ ਬਰਾਮਦ

ਨਿਊਜ਼ ਪੰਜਾਬ

19 ਦਸੰਬਰ 2025

ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਡੰਕੀ ਰੂਟ ਰਾਹੀਂ ਭਾਰਤੀ ਨੌਜਵਾਨਾਂ ਦੇ ਅਮਰੀਕਾ ਵਿੱਚ ਕਥਿਤ ਗੈਰ-ਕਾਨੂੰਨੀ ਪ੍ਰਵਾਸ ਨਾਲ ਜੁੜੇ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ। ਈ.ਡੀ. ਵੱਲੋਂ ਦਿੱਲੀ, ਪੰਜਾਬ (ਜਲੰਧਰ) ਅਤੇ ਹਰਿਆਣਾ (ਪਾਣੀਪਤ) ਸਮੇਤ ਕਈ ਰਾਜਾਂ ਵਿੱਚ ਇਕ ਦਰਜਨ ਤੋਂ ਵੱਧ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਛਾਪਿਆਂ ਦੌਰਾਨ ਦਿੱਲੀ ਦੇ ਇੱਕ ਟ੍ਰੈਵਲ ਏਜੰਟ ਦੇ ਅਹਾਤੇ ਤੋਂ 4.62 ਕਰੋੜ ਰੁਪਏ ਨਕਦੀ, 313 ਕਿਲੋ ਤੋਂ ਵੱਧ ਚਾਂਦੀ ਅਤੇ 6 ਕਿਲੋ ਸੋਨੇ ਦੇ ਬਿਸਕੁਟ ਬਰਾਮਦ ਕੀਤੇ ਗਏ। ਜਾਂਚ ਦੌਰਾਨ ਮੋਬਾਈਲ ਫੋਨ ਅਤੇ ਹੋਰ ਇਲੈਕਟ੍ਰਾਨਿਕ ਉਪਕਰਣ ਵੀ ਜ਼ਬਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਅਪਰਾਧਕ ਚੈਟ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਇਹ ਏਜੰਟ ਆਪਣੇ ਕਮਿਸ਼ਨ ਦੀ ਸੁਰੱਖਿਆ ਵਜੋਂ ਗੈਰ-ਕਾਨੂੰਨੀ ਤੌਰ ’ਤੇ ਅਮਰੀਕਾ ਜਾਣ ਵਾਲੇ ਲੋਕਾਂ ਦੀ ਜਾਇਦਾਦ ਦੇ ਦਸਤਾਵੇਜ਼ ਆਪਣੇ ਕੋਲ ਰੱਖਦੇ ਸਨ।