ਪੰਜਾਬ ਵਿੱਚ ਸੰਘਣੀ ਧੁੰਦ ਦਾ ਕਹਿਰ: ਵਿਜ਼ੀਬਿਲਟੀ ਜ਼ੀਰੋ, 19–21 ਦਸੰਬਰ ਯੈਲੋ ਅਲਰਟ, 20 ਨੂੰ ਹਲਕੇ ਮੀਂਹ ਦੀ ਸੰਭਾਵਨਾ

ਨਿਊਜ਼ ਪੰਜਾਬ

18 ਦਸੰਬਰ 2025

ਪੰਜਾਬ ਵਿਚ ਸੰਘਣੀ ਧੁੰਦ ਪੈ ਰਹੀ ਹੈ। ਵਿਜ਼ੀਬਿਲਟੀ ਬਿਲਕੁਲ ਜ਼ੀਰੋ ਹੋ ਗਈ ਹੈ ਤੇ ਅਜਿਹੇ ਵਿਚ ਵਾਹਨ ਚਾਲਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਵੱਲੋਂ ਮੀਂਹ ਪੈਣ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਹੈ। ਵਿਭਾਗ ਮੁਤਾਬਕ 20 ਦਸੰਬਰ ਨੂੰ ਮੀਂਹ ਪੈ ਸਕਦਾ ਹੈ ਤੇ ਵੱਖ-ਵੱਖ ਥਾਵਾਂ ‘ਤੇ ਹਲਕਾ ਮੀਂਹ ਪੈ ਸਕਦਾ ਹੈ ਤੇ ਘੱਟੋ-ਘੱਟ ਤਾਪਮਾਨ ਵਿਚ ਕੋਈ ਬਦਲਾਅ ਨਹੀਂ ਹੋਵੇਗਾ।ਬੀਤੇ ਦਿਨੀਂ 20-30 ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲੀਆਂ। ਪਹਾੜਾਂ ਤੋਂ ਚੱਲ ਰਹੀਆਂ ਹਵਾਵਾਂ ਕਾਰਨ ਪੰਜਾਬ ਤੇ ਚੰਡੀਗੜ੍ਹ ਵਿਚ ਤਾਪਮਾਨ ਵਿਚ ਗਿਰਾਵਟ ਆਈ ਹੈ।

ਮੌਸਮ ਵਿਭਾਗ ਮੁਤਾਬਕ 19 ਤੋਂ 21 ਦਸੰਬਰ ਤੱਕ ਸੰਘਣੀ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।20 ਦਸੰਬਰ ਨੂੰ ਕੁਝ ਥਾਵਾਂ ‘ਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ।ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹੇ ਅੰਮ੍ਰਿਤਸਰ, ਤਰਨਤਾਰਨ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ, ਬਰਨਾਲਾ, ਫਰੀਦਕੋਟ, ਫਾਜ਼ਿਲਕਾ, ਮੁਕਤਸਰ, ਸੰਗਰੂਰ, ਲੁਧਿਆਣਾ, ਜਲੰਧਰ ਤੇ ਕਪੂਰਥਲਾ ਵਿਚ ਸੰਘਣੀ ਧੁੰਦ ਪਵੇਗੀ।

ਦਿੱਲੀ, ਪੰਜਾਬ ਅਤੇ ਹਰਿਆਣਾ ਤੱਕ ਉੱਤਰੀ ਭਾਰਤੀ ਰਾਜਾਂ ਵਿੱਚ ਸੰਘਣੀ ਧੁੰਦ ਛਾਈ ਰਹੀ। ਧੁੰਦ ਇੰਨੀ ਸੰਘਣੀ ਹੈ ਕਿ ਦ੍ਰਿਸ਼ਟੀ 5 ਮੀਟਰ ਦੀ ਦੂਰੀ ਤੱਕ ਸੀਮਤ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ ਇਨ੍ਹਾਂ ਉੱਤਰੀ ਭਾਰਤੀ ਰਾਜਾਂ ਵਿੱਚ ਸੰਘਣੀ ਅਤੇ ਬਹੁਤ ਸੰਘਣੀ ਧੁੰਦ ਦੀ ਚਿਤਾਵਨੀ ਦਿੱਤੀ ਸੀ। ਸੰਘਣੀ ਧੁੰਦ ਕਾਰਨ ਵਾਹਨ ਸੜਕਾਂ ‘ਤੇ ਰੇਂਗਦੇ ਦਿਖਾਈ ਦਿੱਤੇ।

ਲਗਾਤਾਰ ਡਿੱਗ ਰਹੇ ਤਾਪਮਾਨ ਦੇ ਕਾਰਨ, ਦਿਲ ਅਤੇ ਸਾਹ ਦੇ ਮਰੀਜ਼ਾਂ ਨੂੰ ਸਵੇਰ ਦੀ ਸੈਰ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਨੂੰ ਠੰਡ ਤੋਂ ਬਚਾਉਣ ਲਈ ਹਲਕੀ ਸਿੰਚਾਈ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ।