ਭਾਈ ਵੀਰ ਸਿੰਘ ਦੇ ਜਨਮ ਦਿਨ ‘ਤੇ ਭਾਈ ਵੀਰ ਸਿੰਘ ਸਾਹਿਤ ਸਭਾ ਤੇ ਲੁਧਿਆਣਾ ਜ਼ੋਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਵਿਸ਼ੇਸ਼ ਸਮਾਗਮ 

ਲੁਧਿਆਣਾ ( ਰਣਜੀਤ ਸਿੰਘ ਖ਼ਾਲਸਾ ) ਭਾਈ ਵੀਰ ਸਿੰਘ ਸਾਹਿਤ ਸਭਾ ਤੇ ਲੁਧਿਆਣਾ ਜ਼ੋਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਭਾਈ ਵੀਰ ਸਿੰਘ ਦਾ ਜਨਮ ਦਿਨ ਮਨਾਇਆ ਗਿਆ

ਆਧੁਨਿਕ ਪੰਜਾਬੀ ਸਾਹਿਤ ਤੇ ਪਿਤਾਮਾ ਭਾਈ ਵੀਰ ਸਿੰਘ ਦੀਆਂ ਜਨਮ ਦਿਵਸ ਅੱਜ ਗੁਰੂ ਗੋਬਿੰਦ ਸਿੰਘ ਸਰਕਲ, ਭਾਈ ਕਾਨ੍ਹ ਸਿੰਘ ਨਾਭਾ ਆਡੀਟੋਰਅਮ ਵਿੱਚ ਸਾਹਿਤ ਚਰਚਾ, ਸਕੂਲਾਂ ਦੇ ਭਾਸ਼ਣ ਤੇ ਚਿੱਤਰਕਾਰੀ ਮੁਕਾਬਲੇ, ਪੁਸਤਕ ਰਿਲੀਜ਼ ਅਤੇ ਸਨਮਾਨ-ਇਨਾਮ ਸਮਾਰੋਹ ਦੇ ਰੂਪ ਵਿੱਚ ਮਨਾਇਆ ਗਿਆ।

ਪ੍ਰਧਾਨਗੀ ਮੰਡਲ ਵਿੱਚ ਚੀਫ਼ ਖਾਲਸਾ ਦੀਵਾਨ ਦੇ ਅਕਾਦਮਿਕ ਨਿਰਦੇਸ਼ਕ ਤੇ ਸਾਬਕਾ ਡੀਨ ਜੀ.ਐਨ.ਡੀ.ਯੂ. ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੂਆ, ਸ੍ਰ. ਗੁਰਮੀਤ ਸਿੰਘ ਡਾਇਰੈਕਟਰ ਓਵਰਸੀਜ਼ ਸਟੱਡੀ ਸਰਕਲ ਅਤੇ ਸਾਬਕਾ ਆਨਰੇਰੀ ਸਕੱਤਰ ਸ਼੍ਰੀ ਅਕਾਲ ਤਖਤ ਸਾਹਿਬ, ਸ੍ਰ. ਇੰਦਰਪਾਲ ਸਿੰਘ ਨਿਰਦੇਸ਼ਕ ਗਲੋਬਲ ਐਜੂਕੇਸ਼ਨ ਮਿਸ਼ਨ ਤੇ ਸਾਬਕਾ ਨਿਰਦੇਸ਼ਕ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ (ਜੀ.ਐਨ.ਈ. ਇੰਜਨੀਅਰਿੰਗ ਕਾਲਜ), ਚੇਅਰਮੈਨ ਸ੍ਰ. ਬਲਜੀਤ ਸਿੰਘ, ਸਕੱਤਰ ਜਨਰਲ ਸ੍ਰ. ਗੁਰਚਰਨ ਸਿੰਘ, ਸ੍ਰ. ਵਰਿੰਦਰਜੀਤ ਸਿੰਘ ਵਿਰਕ, ਸਾਬਕਾ ਡੀ.ਜੀ.ਐਮ. (ਪੀ.ਐਸ.ਬੀ.), ਸ੍ਰ. ਸੁਰਜੀਤ ਸਿੰਘ ਜੀ ਚੀਫ਼ ਐਡਮਨਿਸਟ੍ਰੇਟਰ ਅਤੇ ਹੋਰ ਸ਼ਾਮਲ ਸਨ।ਆਰੰਭਤਾ ਦੇਹਿ ਸ਼ਿਵਾ ਵਰ ਮੋਹਿ ਇਹੈ ਸ਼ਬਦ ਨਾਲ ਗੁਰੂ ਨਾਨਕ ਇੰਟਰਨੈਸ਼ਨਲ ਸਕੂਲ, ਮਾਡਲ ਟਾਊਨ, ਲੁਧਿਆਣਾ ਦੇ ਮੈਡਮ ਅਮਨਦੀਪ ਕੌਰ ਅਤੇ ਵਿਦਿਆਰਥੀਆਂ ਵੱਲੋਂ ਹੋਈ। ਸਵਾਗਤੀ ਸ਼ਬਦ ਬੋਲਦਿਆਂ ਉੱਘੀ ਸਾਹਿਤਕਾਰ, ਕਵਿੱਤਰੀ ਅਤੇ ਇਸਤਰੀ ਕੌਂਸਲ ਮੈਂਬਰ ਡਾ. ਭੁਪਿੰਦਰ ਕੌਰ ਕਵਿਤਾ, ਹੁਸ਼ਿਆਰਪੁਰ ਨੇ ਭਾਈ ਸਾਹਿਬ ਦੇ ਜੀਵਨ ਵਿਚਲੇ ਨਾਮ ਰੱਸ ਗੁੱਧੇ ਵਿਵਹਾਰ ਨੂੰ ਕੁਝ ਬ੍ਰਿਤਾਂਤਾਂ ਨਾਲ ਸਾਂਝਾ ਕੀਤਾ।ਸੰਗੀਤਕ ਪੇਸ਼ਕਾਰੀਆਂ ਵਿੱਚ ਮੈਡਮ ਅਮਨਦੀਪ ਕੌਰ ਅਤੇ ਸੇਕਰਡ ਹਾਰਟ ਕਾਨਵੈਂਟ ਸਕੂਲ ਦੇ ਸੰਗੀਤ ਵਿਭਾਗ ਦੇ ਮੁਖੀ ਮੈਡਮ ਬਲਜੀਤ ਕੌਰ ਹੋਰਾਂ ਭਾਈ ਸਾਹਿਬ ਦੀਆਂ ਕਸ਼ਮੀਰ ਬਾਰੇ ਰਚਨਾਵਾਂ ਦਾ ਗਾਇਣ ਕਰਕੇ ਮੰਤਰ ਮੁਗਧ ਕੀਤਾ, ਜਿਨ੍ਹਾਂ ਵਿੱਚ “ਮਾਲੀ ਫੁੱਲ ਲਗਾਉਂਦਾ ਹੈ, ਅਸਮਾਨ ਨੂੰ ਅਸਾਂ ਪੁੱਛਿਆ, ਦੁੱਖ ਸਹਿਣ ਦੀ ਅਸਲ ਗੱਲ ਅਤੇ ਬਿਸਮਿਲ ਮਾਰਤੰਡ ਦੇ ਕੰਢੇ, ਨਾਦ ਵਜਾਉਂਦਾ ਹੈ।” ਸ਼ਾਮਲ ਸਨ।

ਵਿਚਾਰਾਂ ਵਿੱਚ ਸੇਂਟ ਸਟੀਫਨ ਕਾਲਜ ਦਿੱਲੀ ਤੋਂ ਪਰਵਿੰਦਰ ਕੌਰ (ਪੰਜਾਬੀ ਸਕਿੱਲ ਬੈਂਕ-ਸੁਕ੍ਰਿਰਤ) ਨੇ ਪ੍ਰੋ. ਪੂਰਨ ਸਿੰਘ, ਮਾਸਟਰ ਤਾਰਾ ਸਿੰਘ ਅਤੇ ਭਾਈ ਸਾਹਿਬ ਦੀਆਂ ਰਚਨਾਵਾਂ ਸੁੰਦਰੀ, ਸਤਵੰਤ ਕੌਰ ਆਦਿ ਦੀਆਂ ਉਦਾਹਰਨਾਂ ਦੇ ਕੇ ਸਾਬਤ ਸੂਰਤ ਅਤੇ ਉੱਚ ਜੀਵਨ ਧਾਰਨ ਕਰਨ ਲਈ ਪ੍ਰੇਰਿਆ। ਪ੍ਰੋ. ਪਰਮਵੀਰ ਕੌਰ ਹੋਰਾਂ ਗਿਆਨ ਨੂੰ ਜਾਗ੍ਰਿਤ ਕਰਨ ਵਾਲੇ ਤੀਜੇ ਨੇਤਰ ਨੂੰ, ਨਵੀਂ ਪੀੜੀ ਤੱਕ ਸੰਚਾਰਿਤ ਕਰਨ ਦਾ ਜ਼ੋਰਦਾਰ ਸੰਦੇਸ਼ ਦਿੱਤਾ। ਇਸਤਰੀ ਕੌਂਸਲ ਦੀ ਮੈਂਬਰ ਕੋਟਕਪੂਰੇ ਤੋਂ ਡਾਈਟੀਸ਼ੀਅਨ ਗੁਰਲੀਨ ਕੌਰ ਨੇ ਬੜੇ ਵਿਸਮਾਦੀ ਅੰਦਾਜ਼ ਵਿੱਚ, ਭਾਈ ਸਾਹਿਬ ਦੇ ਜੀਵਨ ਦੀ ਛੋਹ ਨਵੀਂ ਜਵਾਨੀ ਨੂੰ ਲਗਾਉਣਾ ਜ਼ਰੂਰੀ ਦੱਸਿਆ।

ਕਵੀ ਸੁਰਜੀਤ ਸਿੰਘ ਦਿਲਾਰਾਮ ਨੇ ਆਪਣੀ ਸੱਜਰੀ ਕਵਿਤਾ “ਤੁਸੀਂ ਭਾਗਾਂ ਵਾਲੇ ਹੋ” ਪੇਸ਼ ਕੀਤੀ ਅਤੇ ਇੱਕ ਯਾਦਗਾਰੀ ਘਟਨਾ ਸਾਂਝੀ ਕੀਤੀ। ਪ੍ਰਧਾਨਗੀ ਮੰਡਲ ਵਿੱਚ ਸ੍ਰ. ਇੰਦਰਪਾਲ ਸਿੰਘ ਹੋਰਾਂ ਭਾਈ ਸਾਹਿਬ ਦੇ ਜੀਵਨ ਵਿੱਚੋਂ ਪ੍ਰੇਰਨਾਮਈ ਪ੍ਰਸੰਗ ਸਾਂਝੇ ਕੀਤੇ ਅਤੇ ਗੁਰਮਤਿ ਦੀ ਉਸਾਰੀ ਵਿਚਾਰਧਾਰਾ ਨੂੰ ਸਮਰਪਿਤ ਸਾਹਿਤਕਾਰਾਂ ਨੂੰ ਉਤਸਾਹਿਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ, ਜਿਸ ਕਾਰਜ ਲਈ ਭਾਈ ਵੀਰ ਸਿੰਘ ਸਾਹਿਤ ਸਭਾ ਤੇ ਸਾਹਿਤਕਾਰ ਸਦਨ ਸਰਗਰਮ ਹਨ।

ਚੇਅਰਮੈਨ ਸ੍ਰ. ਬਲਜੀਤ ਸਿੰਘ ਹੁਰਾਂ ਚੰਗੇ ਸਾਹਿਤਕਾਰਾਂ ਦੀ ਉਸਾਰੀ ਅਤੇ ਘਾੜਤ ਲਈ, ਇਹੋ ਜਿਹੇ ਸੁਚੱਜੇ ਸਮਾਗਮਾਂ ਦੀ ਲੋੜ ਦਾ ਅਹਿਸਾਸ ਕਰਵਾਇਆ। ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਦੇ ਰਿਟਾ. ਮੁਖੀ ਅੰਗਰੇਜ਼ੀ ਵਿਭਾਗ, ਡਾ. ਵਰਿੰਦਰ ਕੁਮਾਰ ਗੋਗਨਾ ਹੁਰਾਂ ਕਿਹਾ ਕਿ ਵਿਦਿਆਰਥੀਆਂ ਨੂੰ ਉਹੀ ਕੰਮ ਕਰਨੇ ਚਾਹੀਦੇ ਹਨ ਜੋ ਦਿਨ ਦੇ ਚਾਨਣ ਵਾਂਗ ਖੁਲ ਕੇ ਕੀਤੇ ਜਾ ਸਕਣ ਚੰਗੀ ਸੰਗਤ ਦੇਹੀ ਚੰਗੇ ਨਤੀਜੇ ਨਿਕਲ ਸਕਦੇ ਹਨ। ਐਸ.ਸੀ.ਡੀ. ਸਰਕਾਰੀ ਕਾਲਜ ਐਲੂਮਨੀ ਐਸੋਸੀਏਸ਼ਨ ਦੇ ਪ੍ਰਮੁੱਖ ਸੰਚਾਲਕ ਸ੍ਰੀ ਬ੍ਰਿਜ ਭੂਸ਼ਣ ਗੋਇਲ ਹੋਰਾਂ ਦੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨੀ ਸਬੰਧੀ ਸੰਪਾਦਿਤ ਪੁਸਤਕ “ਵੈਰਾਗ ਔਰ ਬਲੀਦਾਨ ਕਾ ਚਾਂਦਨੀ ਚੌਂਕ” ਹਿੰਦੀ ਵਿੱਚ ਰਿਲੀਜ਼ ਅਤੇ ਸਕੂਲਾਂ ਕਾਲਜਾਂ ਦੀਆਂ ਲਾਈਬ੍ਰੇਰੀਆਂ ਲਈ ਭੇਂਟ ਕੀਤੀ ਗਈ।

ਬਾਖੂਬੀ ਮੰਚ ਸੰਚਾਲਨ ਕਰਦਿਆਂ ਸ੍ਰ. ਜਸਪਾਲ ਸਿੰਘ ਪਿੰਕੀ ਹੁਰਾਂ ਮੰਚ ਪ੍ਰਧਾਨ ਡਾ. ਅਮਰਜੀਤ ਸਿੰਘ ਦੂਆ ਦੇ ਭਾਈ ਸਾਹਿਬ ਦੇ ਸਾਹਿਤ ਪ੍ਰਤੀ ਅਧਿਐਨ ਦਾ ਉਚੇਚਾ ਜ਼ਿਕਰ ਕੀਤਾ। ਪ੍ਰਧਾਨਗੀ ਭਾਸ਼ਣ ਵਿੱਚ ਡਾ. ਦੂਆ ਹੋਰਾਂ ਭਾਈ ਸਾਹਿਬ ਦੀਆਂ ਪੁਸਤਕਾਂ, ਵਿਸ਼ੇਸ਼ਕਰ ਸੁੰਦਰੀ ਨੂੰ ਪੜ੍ਹਨ ਲਈ ਪ੍ਰੇਰਿਆ। ਉਹਨਾਂ ਵਿਦਿਆਰਥੀਆਂ ਨੂੰ ਚੰਗੀ ਸੰਗਤ, ਚੰਗੀਆਂ ਪੁਸਤਕਾਂ ਅਤੇ ਚੰਗੇ ਵਿਅਕਤੀਆਂ ਦੀ ਸੋਧਤ ਦਾ ਮਹੱਤਵ ਦੱਸਿਆ। ਉਹਨਾਂ ਭਾਈ ਵੀਰ ਸਿੰਘ ਜੀ ਨੂੰ ਉਨੀਵੀਂ ਵੀਂਹਵੀ ਸਦੀ ਦੇ ਮਹਾਨ ਯੁਗ ਪੁਰਸ਼ ਦੇ ਸਾਹਿਤਕਾ ਆਗੂ ਦੱਸਿਆ। ਸ੍ਰੀ ਬ੍ਰਿਜ ਭੂਸ਼ਣ ਗੋਇਲ ਤੇ ਡਾ. ਵਰਿੰਦਰ ਕੁਮਾਰ ਗੋਗਨਾ ਨੂੰ ਉਚੇਚਾ ਸਨਮਾਨ ਦੇ ਕੇ, ਸ੍ਰੀ ਧਨੀ ਰਾਮ ਚਾਤ੍ਰਿਕ ਸਨਮਾਨ ਦੇ ਰੂਪ ਵਿੱਚ ਸਲਾਹਿਆ ਗਿਆ।

ਯੁਵਕ ਮੇਲਾ : ਲੁਧਿਆਣਾ ਜੋਨ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕਰਵਾਏ ਗਏ ਭਾਸ਼ਣ ਮੁਕਾਬਲਿਆਂ ਅਤੇ ਚਿੱਤਰਕਾਰੀ ਮੁਕਾਬਲਿਆਂ ਦੀ ਜੇਤੂਆਂ ਨੂੰ ਵੀ ਪ੍ਰਧਾਨਗੀ ਮੰਡਲ ਵੱਲੋਂ ਨਕਦ ਇਨਾਮ, ਮੈਡਲ ਅਤੇ ਪੁਸਤਕਾਂ-ਮੋਮੈਂਟਸ ਨਾਲ ਸਨਮਾਨਿਤ ਕੀਤਾ ਗਿਆ। ਜ਼ੋਨਲ ਸਕੱਤਰ ਸ੍ਰ. ਜਸਪਾਲ ਸਿੰਘ ਕੋਚ ਨੇ ਮੁਕਾਬਲਿਆਂ ਦੇ ਜੱਜ ਸ੍ਰ. ਬਰਜਿੰਦਰ ਪਾਲ ਸਿੰਘ ਲਖਨਊ, ਮਾਸਟਰ ਭੁਪਿੰਦਰ ਸਿੰਘ, ਪ੍ਰੋਫੈਸਰ ਪਰਮਵੀਰ ਕੌਰ, ਪ੍ਰੋਫੈਸਰ ਰਣਜੀਤ ਸਿੰਘ ਤੇ ਪੁਸ਼ਪਿੰਦਰ ਸਿੰਘ ਦਾ ਧੰਨਵਾਦ ਕੀਤਾ। ਜੇਤੂਆਂ ਵਿੱਚ ਭਾਸ਼ਣ ਮੁਕਾਬਲੇ ਵਿਚ ਮਨਸੀਰਤ ਕੌਰ ਪਹਿਲਾ, ਜਸਨੂਰ ਕੌਰ ਦੂਜਾ, ਮਨੰਤਪ੍ਰੀਤ ਕੌਰ ਤੀਜਾ ਸਥਾਨ, ਨਮਨਜੋਤ ਅਤੇ ਹਰਲੀਨ ਕੌਰ ਨੇ ਵਿਸ਼ੇਸ਼ ਸਥਾਨ ਪ੍ਰਾਪਤ ਕੀਤਾ। ਚਿਤੱਕਾਰੀ ਮੁਕਾਬਲੇ ਵਿਚ ਦਮਨੀਤ ਕੌਰ ਪਹਿਲਾ, ਰੈਜ਼ਲੀਨਾ ਕੌਰ ਦੂਜਾ, ਸਹਿਜਲੀਨ ਕੌਰ ਤੀਜਾ ਸਥਾਨ, ਖੁਸ਼ੀ ਅਤੇ ਨਿਸ਼ਾ ਕੁਮਾਰੀ ਨੇ ਵਿਸ਼ੇਸ਼ ਸਥਾਨ ਪ੍ਰਾਪਤ ਕੀਤਾ। ਗੁਰੂ ਤੇਗ ਬਹਾਦਰ ਯਾਦਗਾਰੀ ਲੇਖ ਲਿਖਣ ਮੁਕਾਬਲੇ ਦੇ ਨਗਦ ਇਨਾਮ ਦੀ ਪ੍ਰਧਾਨਗੀ ਮੰਡਲ ਵੱਲੋਂ ਦਿੱਤੇ ਗਏ। ਇਨ੍ਹਾਂ ਵਿਚ ਜਗਜੀਤ ਸਿੰਘ 21000 ਰੁਪਏ ਪਹਿਲਾ ਸਥਾਨ , ਗੁਰਦੀਪ ਕੌਰ 11000 ਦੂਜਾ ਸਥਾਨ l, ਆਲਮਦੀਪ ਸਿੰਘ 7500 ਰੁਪਏ ਤੀਜਾ ਅਤੇ ਰਵਨਜੋਤ ਕੌਰ 5000 ਰੁਪਏ ਚੌਥਾ ਸਥਾਨ ਹਾਸਲ ਕੀਤਾ। ਲਗਭਗ 20 ਸਕੂਲਾਂ ਦੇ ਅਧਿਆਪਕ ਇੰਚਾਰਜਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਨੈਤਿਕ ਸਿੱਖਿਆ ਇਮਤਿਹਾਨ ਦੇ ਜੇਤੂਆ, ਮੈਡਮ ਅਮਨਦੀਪ ਕੌਰ, ਮੈਡਮ ਬਲਜੀਤ ਕੌਰ ਅਤੇ ਮੈਡਮ ਗੋਗਨਾ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਚੀਫ ਖਾਲਸਾ ਦੀਵਾਨ ਦੇ ਸ੍ਰ. ਗੁਰਜੀਤ ਸਿੰਘ ਰੋਮਾਣਾ,  ਨਿਊਜ਼ ਪੰਜਾਬ ਦੇ ਸੰਪਾਦਕ ਤੇ ਉਦਯੋਗ ਮੁਖੀ ਸ੍ਰ. ਮਨਜੀਤ ਸਿੰਘ ਖਾਲਸਾ, ਮੀਡੀਅਮ ਸਲਾਹਕਾਰ ਅਤੇ ਫਤਿਹ ਟੀ.ਵੀ. ਤੋਂ ਸ੍ਰ. ਰਣਜੀਤ ਸਿੰਘ ਖਾਲਸਾ, ਉੱਘੇ ਚਿੰਤਕ ਤੇ ਲੇਖਕ ਸ੍ਰ. ਪਰਮਜੀਤ ਸਿੰਘ ਸੁਚਿੰਤਨ, ਗੁਰੂ ਰਾਮਦਾਸ ਸੈਂਟਰ ਫਾਰ ਇਕਨੌਮਿਕ ਗ੍ਰੋਥ ਦੇ ਡਾਇਰੈਕਟਰ ਸ੍ਰ. ਕੇ.ਬੀ. ਸਿੰਘ (ਰਿਟਾ. ਡੀ.ਜੀ.ਐਮ.), ਸਾਡਾ ਵਿਰਸਾ ਸਾਡਾ ਗੌਰਵ ਦੇ ਅਨਰੇਰੀ ਸੰਪਾਦਕ ਡਾ. ਬਲਵਿੰਦਰ ਪਾਲ ਸਿੰਘ, ਸ੍ਰ. ਗੁਰਸ਼ਰਨ ਸਿੰਘ ਕਨੇਡਾ, ਸ੍ਰ. ਜਗਮੋਹਨ ਸਿੰਘ, ਸਾਬਕਾ ਚੇਅਰਮੈਨ ਰੋਟਰੀ ਕਲੱਬ ਅਤੇ ਮੁਖੀ ਖਾਲਸਾ ਧਰਮ ਅਰਥ ਸੁਸਾਇਟੀ, ਸ੍ਰ. ਜੁਝਾਰ ਸਿੰਘ ਦੁਗਰੀ, ਪ੍ਰੋ. ਪੀ.ਡੀ.ਗੁਪਤਾ, ਕੀਰਤਨ ਸੇਵਾ ਸੁਸਾਇਟੀ ਦੇ ਮੁਖੀ ਮਾਸਟਰ ਤਰਲੋਚਨ ਸਿੰਘ, ਕੇਂਦਰੀ ਕਮੇਟੀ ਦੇ ਆਹਲਾ ਮੈਂਬਰ ਸ੍ਰ. ਹਰਜੀਤ ਸਿੰਘ ਖਾਲਸਾ, ਸ੍ਰ. ਦਿਲਬਾਗ ਸਿੰਘ (ਲੁਧਿਆਣਾ ਜ਼ੋਨ), ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿਸਟਿੰਗ ਪ੍ਰੋਫੈਸਰ ਡਾ. ਪੂਰਨ ਸਿੰਘ ਸਮਾਜਿਕ ਆਰਥਿਕ ਚਿੰਤਕ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।

ਇਸ ਦੌਰਾਨ ਚੇਅਰਮੈਨ ਬਲਜੀਤ ਸਿੰਘ, ਗੁਰਮੀਤ ਸਿੰਘ, ਜਸਪਾਲ ਸਿੰਘ ਪਿੰਕੀ, ਸ੍ਰ. ਕੇ ਬੀ ਸਿੰਘ, ਗੁਰਚਰਨ ਸਿੰਘ, ਗੋਇਲ ਸਾਹਿਬ, ਅਤੇ ਪ੍ਰਧਾਨ ਡਾਕਟਰ ਅਮਰਜੀਤ ਸਿੰਘ ਦੁਆ ਹੁਰਾਂ ਦਾ ਸਨਮਾਨ ਵੀ ਕੀਤਾ ਗਿਆ।