
ਕੈਲਗਰੀ : 30 ਨਵੰਬਰ ਐਤਵਾਰ ਨੂੰ ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੇ ਸਾਊਥ ਵਿੰਗ ਦੀ ਮੀਟਿੰਗ, Cranston community Association VISTA Hall ਵਿਖੇ, ਬੜੇ ਹੀ ਖੁਸ਼ਗਵਾਰ ਮਾਹੌਲ ਵਿੱਚ ਹੋਈ ਜਿਸ ਵਿੱਚ ਵੀਹ ਕੁ ਔਰਤਾਂ ਨੇ ਹਿੱਸਾ ਲਿਆ। ਇਸ ਸਭਾ ਦੀ ਮੇਨ ਮੀਟਿੰਗ ਨੌਰਥ ਈਸਟ ਵਿੱਚ ਹਰ ਮਹੀਨੇ ਦੇ ਤੀਜੇ ਐਤਵਾਰ ਜੈਂਸਸ ਸੈਂਟਰ ਵਿਖੇ ਹੁੰਦੀ ਹੈ ਪਰ ਇਸ ਸਭਾ ਦੇ ਮੈਂਬਰਾਂ ਦੀ ਦਿਨੋਂ ਦਿਨ ਵੱਧ ਰਹੀ ਗਿਣਤੀ ਨੂੰ ਦੇਖਦਿਆਂ, ਦੋ ਸਾਲ ਪਹਿਲਾਂ ਇਸ ਸਭਾ ਦਾ ਇੱਕ ਸਾਊਥ ਵਿੰਗ ਸਥਾਪਿਤ ਕੀਤਾ ਗਿਆ, ਜਿਸ ਦੀ ਮੀਟਿੰਗ ਹਰ ਮਹੀਨੇ ਦੇ ਚੌਥੇ ਜਾਂ ਪੰਜਵੇਂ ਐਤਵਾਰ ਹੁੰਦੀ ਹੈ।
CWCA ਦੇ ਸਾਊਥ ਵਿੰਗ ਦੀ ਇੰਚਾਰਜ ਨੌਜਵਾਨ ਮੈਂਬਰ ਤਮੰਨਾ ਚਾਚਰਾ ਨੇ, ਸਭ ਤੋਂ ਪਹਿਲਾਂ, ਸਭ ਨੂੰ ‘ਜੀ ਆਇਆਂ’ ਕਹਿੰਦਿਆਂ ਹੋਇਆਂ, ਗਰਮਾ ਗਰਮ ਖਾਣਾ ਖਾਣ ਲਈ ਸੱਦਾ ਦਿਤਾ ਜਿਸ ਦਾ ਸਭ ਨੇ ਭਰਪੂਰ ਆਨੰਦ ਮਾਣਿਆਂ।
ਸਭਾ ਦੀ ਕਾਰਵਾਈ ਸ਼ੁਰੂ ਕਰਦਿਆਂ, ਤਮੰਨਾ ਨੇ ਨਵੇਂ ਆਏ ਮੈਂਬਰਾਂ ਨੂੰ ਆਪਣੀ ਜਾਣ ਪਛਾਣ ਦੇਣ ਲਈ ਕਿਹਾ। ਇਸ ਵਾਰੀ ਪੰਜ ਨਵੇਂ ਮੈਂਬਰਾਂ ਨੇ ਪਹਿਲੀ ਵਾਰ ਸਭਾ ਵਿੱਚ ਸ਼ਿਰਕਤ ਕੀਤੀ- ਜਿਨ੍ਹਾਂ ਵਿੱਚ ਸਤਵੰਤ ਕੌਰ, ਚਰਨਜੀਤ ਕੌਰ ਗਰੇਵਾਲ, ਵਸੁੱਧਾ ਕੁਮਾਰੀ (ਤਮੰਨਾ ਦੀ ਸੱਸ), ਮਧੂ ਮੱਕੜ ਤੇ ਉਰਵਸ਼ੀ ਪਟੇਲ ਸ਼ਾਮਿਲ ਸਨ।
ਲੁਧਿਆਣੇ ਕੋਲ ਸਰਾਭਾ ਪਿੰਡ ਦੇ ਜੰਮਪਲ, ਮੁੱਲਾਂਪੁਰ ਦਾਖਾ ਤੋਂ ਆਏ, ਚਰਨਜੀਤ ਕੌਰ ਗਰੇਵਾਲ ਨੇ ਆਪਣੇ ਬਾਰੇ ਦੱਸਦਿਆਂ ਕਿਹਾ ਕਿ ‘ਉਹ ਚਾਰ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ। ਭਾਵੇਂ ਬਚਪਨ ਵਿੱਚ ਉਹਨਾਂ ਦੀ ਇਕ ਲੱਤ ਪੋਲੀਓ ਕਾਰਨ ਨਕਾਰਾ ਹੋ ਗਈ ਸੀ, ਪਰ ਉਹਨਾਂ ਦੇ ਮਾਤਾ ਜੀ ਨੇ ਉਹਨਾਂ ਨੂੰ ਉਚੇਰੀ ਵਿਦਿਆ ਦੇਣ ਦੇ ਨਾਲ ਨਾਲ, ਇੰਨਾ ਕੁ ਮਜਬੂਤ ਬਣਾਇਆ ਕਿ ਉਹ ਆਪਣਾ ਹਰ ਕੰਮ ਖੁਦ ਕਰ ਸਕਦੇ ਹਨ। ਆਪਣੇ ਜੀਵਨ ਸਾਥੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੱਸਿਆ ਕਿ- ਮਾਂ ਦੇ ਤੁਰ ਜਾਣ ਬਾਅਦ, ਮੈਨੂੰ ਆਪਣੇ ਪਤੀ ਤੋਂ ਬਹੁਤ ਪਿਆਰ ਸਤਿਕਾਰ ਅਤੇ ਹੌਸਲਾ ਅਫਜ਼ਾਈ ਮਿਲੀ, ਜਦ ਕਿ ਮੇਰੀ ਨੌਕਰੀ ਵੀ ਵਿਆਹ ਤੋਂ ਬਾਅਦ ਲੱਗੀ ਸੀ। ਇੱਕ ਸਾਬਤ ਸੂਰਤ ਨੌਜਵਾਨ ਹੋਣ ਦੇ ਬਾਵਜੂਦ, ਉਨ੍ਹਾਂ ਨੇ ਕਦੇ ਵੀ ਮੈਨੂੰ handicapped ਹੋਣ ਦਾ ਅਹਿਸਾਸ ਹੀ ਨਹੀਂ ਹੋਣ ਦਿੱਤਾ। ਸਭਾ ਦੇ ਸਾਰੇ ਮੈਂਬਰਾਂ ਨੇ ਤਾੜੀਆਂ ਮਾਰ ਕੇ, ਉਨਾਂ ਦੇ ਜੀਵਨ ਸਾਥੀ ਦੀ ਸੋਚ ਨੂੰ ਸਲਾਮ ਕੀਤਾ। ਉਹਨਾਂ ਇਹ ਵੀ ਦੱਸਿਆ ਕਿ ਹੁਣ ਉਹ ਦੋਵੇਂ ਆਪਣੇ ਬੇਟੇ ਕੋਲ ਕੈਲਗਰੀ ਵਿਖੇ ਰਹਿ ਰਹੇ ਹਨ ਅਤੇ ਆਪਣੇ ਪੋਤੇ ਪਾਲ ਰਹੇ ਹਨ। ਉਹਨਾਂ ਨੇ ਡਾਕਟਰ ਬਲਵਿੰਦਰ ਕੌਰ ਬਰਾੜ ਦੀਆਂ ਵੀਡੀਓਜ਼ ਦੀ ਵੀ ਪ੍ਰਸ਼ੰਸਾ ਕੀਤੀ। ਟਾਂਡਾ ਹੁਸ਼ਿਆਰਪੁਰ ਤੋਂ ਆਈ ਸਤਵੰਤ ਕੌਰ, ਲੁਧਿਆਣਾ ਤੋਂ ਆਈ ਮਧੂ ਮੱਕੜ ਤੇ ਉਸ ਦੀ ਗੁਜਰਾਤੀ ਕੁੜਮਣੀ ਉਰਵਸ਼ੀ ਪਟੇਲ, ਨੇ ਵੀ ਵਾਰੀ ਵਾਰੀ ਆਪੋ ਆਪਣੇ ਪਰਿਵਾਰ ਬਾਰੇ, ਅਤੇ ਆਪਣੀਆਂ ਗਤੀਵਿਧੀਆਂ ਬਾਰੇ ਦੱਸਦਿਆਂ, ਇਸ ਸਭਾ ਨਾਲ ਜੁੜਨ ਦਾ ਸਿਹਰਾ ਤਮੰਨਾ ਨੂੰ ਦਿੱਤਾ। ਆਪਣੇ ਮੰਮੀ ਤੇ ਕਹਿਣ ਤੇ, ਵਸੁੱਧਾ ਕੁਮਾਰੀ ਜੀ ਬਾਰੇ ਜਾਣਕਾਰੀ ਤਮੰਨਾ ਨੇ ਹੀ ਦੇ ਦਿੱਤੀ।
ਸਭਾ ਦੀ ਉਪ ਪ੍ਰਧਾਨ ਗੁਰਦੀਸ਼ ਕੌਰ ਗਰੇਵਾਲ ਨੇ, ਨਵੇਂ ਮੈਂਬਰਾਂ ਨੂੰ ਸਭਾ ਦੇ ਉਦੇਸ਼ ਅਤੇ ਗਤੀਵਿਧੀਆਂ ਤੋਂ ਜਾਣੂ ਕਰਵਾਇਆ। ਉਹਨਾਂ ਕਿਹਾ ਕਿ- ਇਹ ਸਭਾ ਔਰਤਾਂ ਦੇ ਅੰਦਰ ਛੁਪੇ ਹੋਏ ਗੁਣਾਂ ਨੂੰ ਬਾਹਰ ਕੱਢਣ ਲਈ ਵਚਨਬੱਧ ਹੈ। ਸੋਸ਼ਲ ਵਰਕਰ ਹਰਪ੍ਰੀਤ ਕੌਰ ਸੰਧੂ ਨੇ, ਇਸ ਸਭਾ ਨੂੰ ਸਰਕਾਰ ਵੱਲੋਂ ਮਿਲੇ ਪ੍ਰੋਜੈਕਟ ਦੀ ਜਾਣਕਾਰੀ ਦਿੱਤੀ।

ਰਚਨਾਵਾਂ ਦੇ ਦੌਰ ਵਿੱਚ, ਗੁਰਦੀਸ਼ ਕੌਰ ਨੇ ਸ਼ੁਰੂ ਵਿੱਚ ਔਰਤਾਂ ਦੀ ਚੜ੍ਹਦੀ ਕਲਾ ਲਈ ਲਿਖੀ ਆਪਣੀ ਕਵਿਤਾ, “ਮੈਂ ਔਰਤ ਹਾਂ” ਅਤੇ ਬਾਅਦ ਵਿੱਚ ਕੈਨੇਡਾ ਦੀ ਸਨੋਅ ਫਾਲ ਤੇ ਲਿਖਿਆ ਆਪਣਾ ਗੀਤ “ਚਿੱਟੀਆਂ ਕਪਾਹ ਦੀਆਂ ਫੁੱਟੀਆਂ” ਸੁਣਾ ਕੇ ਮਾਹੌਲ ਖੁਸ਼ਗਵਾਰ ਬਣਾ ਦਿੱਤਾ। ਚਰਨਜੀਤ ਕੌਰ ਗਰੇਵਾਲ ਨੇ ਇੱਕ ਬੋਲੀ ਪਾਈ ਜਿਸ ਦਾ ਸਾਥ ਸਾਰੀਆਂ ਭੈਣਾਂ ਨੇ ਗਿੱਧਾ ਪਾ ਕੇ ਦਿੱਤਾ। ਅਮਰਦੀਪ ਕੌਰ ਨੇ ਖਾਲਸਾ ਪੰਥ ਤੇ ਕਵਿਤਾ ਸਾਂਝੀ ਕੀਤੀ, ਜਦ ਕਿ ਸ਼ਵਿੰਦਰ ਕੌਰ ਚੌਹਾਨ ਨੇ ਬੁੱਲੇ ਸ਼ਾਹ ਦੀ ਕਾਫੀ ਸੁਣਾਈ। ਮਧੂ ਮੱਕੜ ਨੇ ਲੋਕ ਗੀਤ ਗਾ ਕੇ ਰੰਗ ਬੰਨ੍ਹ ਦਿੱਤਾ। ਉਰਵਸ਼ੀ ਪਟੇਲ ਨੇ ਭੈਣਾਂ ਦੀ ਫਰਮਾਇਸ਼ ਤੇ ਗੁਜਰਾਤੀ ਭਾਸ਼ਾ ਵਿੱਚ ਆਪਣੀ ਜਾਣ ਪਛਾਣ ਦਿੱਤੀ ਅਤੇ ਸ਼ਿਵਾ ਜੀ ਦਾ ਤਾਂਡਵ ਨਾਚ ਵੀ ਸਾਂਝਾ ਕੀਤਾ।
ਸਭਾ ਦੀ ਖਜ਼ਾਨਚੀ ਕਿਰਨ ਕਲਸੀ ਨੇ ਵੀ ਬੁੱਲੇ ਸ਼ਾਹ ਦੀ ਕਾਫੀ ਸੁਣਾ ਕੇ ਵਾਹਵਾ ਖੱਟੀ।
ਬਾਕੀ ਮੈਂਬਰਾਂ ਵਿੱਚ, ਲਖਵਿੰਦਰ ਕੌਰ ਸਿੱਧੂ, ਗੁਰਜੀਵਨ ਕੌਰ, ਬਲਵੰਤ ਕੌਰ ਚੀਮਾ, ਉਰਮਿਲਾ ਦੇਵੀ, ਸਰਬਜੀਤ ਉੱਪਲ ਅਤੇ ਸੁਰਿੰਦਰ ਕੌਰ ਸਿੱਧੂ ਨੇ ਵਧੀਆ ਸਰੋਤੇ ਹੋਣ ਦਾ ਰੋਲ ਨਿਭਾਇਆ।
ਸਮਾਪਤੀ ਤੋਂ ਪਹਿਲਾਂ, ਸਭਾ ਦੀ ਇੱਕ ਹੋਰ ਨੌਜਵਾਨ ਮੈਂਬਰ ਅਰਪਨ ਕੜਵਲ ਨੇ, ਘਰੋਂ ਲਿਆਂਦੀ ਹੋਈ ਲੌਂਗ ਇਲਾਇਚੀਆਂ ਵਾਲੀ ਚਾਹ ਪਿਲਾ ਕੇ, ਸਾਰੇ ਮੈਂਬਰਾਂ ਨੂੰ ਖੁਸ਼ ਕਰ ਦਿੱਤਾ।
ਸੋ ਇਸ ਤਰ੍ਹਾਂ ਤਿੰਨ ਘੰਟੇ ਚੱਲੀ ਇਸ ਮੀਟਿੰਗ ਰਾਹੀਂ, ਸਾਰੀਆਂ ਭੈਣਾਂ ਤਰੋ ਤਾਜ਼ਾ ਹੋ ਕੇ ਘਰਾਂ ਨੂੰ ਗਈਆਂ।
ਵਧੇਰੇ ਜਾਣਕਾਰੀ ਲਈ- ਤਮੰਨਾ ਚਾਚਰਾ +1 587 889 6463 ਤੇ ਜਾਂ ਗੁਰਦੀਸ਼ ਕੌਰ ਗਰੇਵਾਲ ਨਾਲ +1 403 404 1450 ਤੇ ਸੰਪਰਕ ਕੀਤਾ ਜਾ ਸਕਦਾ ਹੈ।
