ਨਿਊਜ਼ ਪੰਜਾਬ
3 ਦਸੰਬਰ 2025
ਅੱਜ ਸਵੇਰੇ ਹਰਿਆਣਾ ਦੇ ਕਰਨਾਲ ਵਿਖੇ ਘਰੌਂਡਾ ਵਿਚ ਰਾਸ਼ਟਰੀ ਰਾਜਮਾਰਗ 44 ’ਤੇ ਇਕ ਵੱਡਾ ਹਾਦਸਾ ਵਾਪਰਿਆ। ਸੜਕ ਦੇ ਗਲਤ ਪਾਸਿਓਂ ਆ ਰਹੇ ਇਕ ਬੇਕਾਬੂ ਟਰੱਕ ਨੇ ਤਿੰਨ ਵਾਹਨਾਂ ਨੂੰ ਟੱਕਰ ਮਾਰ ਦਿੱਤੀ।ਜਾਣਕਾਰੀ ਅਨੁਸਾਰ ਟਰੱਕ ਇਕ ਬੱਸ ਨਾਲ ਟਕਰਾ ਗਿਆ ਤੇ ਇਕ ਕਾਰ ਅਤੇ ਮੋਟਰਸਾਈਕਲ ਨੂੰ ਕੁਚਲ ਦਿੱਤਾ ਅਤੇ ਫਿਰ ਪਲਟ ਗਿਆ। ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ
ਮਿਲੀ ਜਾਣਕਾਰੀ ਮੁਤਾਬਿਕ, ਟੋਲ ਪਲਾਜ਼ਾ ਤੋਂ ਥੋੜ੍ਹੀ ਦੂਰੀ ‘ਤੇ, ਇੱਕ ਤੇਜ਼ ਰਫ਼ਤਾਰ ਬੇਕਾਬੂ ਟਰੱਕ ਟ੍ਰੈਫਿਕ ਨਿਯਮਾਂ ਦੀ ਸ਼ਰੇਆਮ ਅਣਦੇਖੀ ਕਰਦਾ ਹੋਇਆ, ਡਿਵਾਈਡਰ ਪਾਰ ਕਰਕੇ ਗਲਤ ਸਾਈਡ ਤੋਂ ਆਇਆ। ਇਸ ਟਰੱਕ ਨੇ ਪਹਿਲਾਂ ਪਾਣੀਪਤ ਤੋਂ ਕਰਨਾਲ ਜਾ ਰਹੀ ਇੱਕ ਪੰਜਾਬ ਰੋਡਵੇਜ਼ ਦੀ ਬੱਸ ਨੂੰ ਟੱਕਰ ਮਾਰੀ ਅਤੇ ਫਿਰ ਬੇਕਾਬੂ ਹੋ ਕੇ ਡਿਵਾਈਡਰ ‘ਤੇ ਪਲਟ ਗਿਆ। ਪਲਟਣ ਤੋਂ ਪਹਿਲਾਂ ਇਸ ਨੇ ਦੋ ਮੋਟਰਸਾਈਕਲਾਂ ਅਤੇ ਇੱਕ ਕਾਰ ਨੂੰ ਵੀ ਕੁਚਲ ਦਿੱਤਾ।
ਚਸ਼ਮਦੀਦਾਂ ਅਨੁਸਾਰ, ਇਹ ਮੰਦਭਾਗੀ ਘਟਨਾ ਪਾਣੀਪਤ ਤੋਂ ਕਰਨਾਲ ਜਾਣ ਵਾਲੇ ਹਾਈਵੇਅ ‘ਤੇ ਵਾਪਰੀ। ਹਾਦਸੇ ਦੀ ਭਿਆਨਕਤਾ ਨੂੰ ਦੇਖਦੇ ਹੋਏ, ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਜਾਂ ਤਾਂ ਗੂੜ੍ਹੀ ਨੀਂਦ ਵਿੱਚ ਸੀ ਜਾਂ ਫਿਰ ਸ਼ਰਾਬ ਦੇ ਨਸ਼ੇ ਵਿੱਚ ਸੀ, ਜਿਸ ਕਾਰਨ ਉਸ ਨੇ ਭਾਰੀ ਵਾਹਨ ਤੋਂ ਕੰਟਰੋਲ ਗੁਆ ਦਿੱਤਾ।
ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਟਰੱਕ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
