ਨਿਊਜ਼ ਪੰਜਾਬ
28 ਨਵੰਬਰ 2025
ਅੱਜ ਪੰਜਾਬ ਪੁਲਿਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਆਗੂ ਕੰਚਨਪ੍ਰੀਤ ਕੌਰ ਖਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਾਣਕਾਰੀ ਅਨੁਸਾਰ, ਮਹਿਲਾ ਆਗੂ ਦੀ ਝਬਾਲ ਵਿਖੇ ਦਰਜ 208/25 ਨੰਬਰ FIR ਤਹਿਤ ਗ੍ਰਿਫ਼ਤਾਰੀ ਵਿਖਾਈ ਗਈ ਹੈ। ਦੱਸ ਦਈਏ ਕਿ ਕੰਚਨਪ੍ਰੀਤ ਕੌਰ ਦੀ ਅੱਜ ਮਜੀਠਾ ਥਾਣੇ ਵਿੱਚ ਪੇਸ਼ੀ ਸੀ, ਜਿਸ ਨੂੰ ਲੈ ਕੇ ਪੁਲਿਸ ਵੱਲੋਂ ਵੱਡੀ ਗਿਣਤੀ ਵਿੱਚ ਸੁਰੱਖਿਆ ਨੂੰ ਲੈ ਕੇ ਤੈਨਾਤੀ ਕੀਤੀ ਗਈ ਸੀ।
ਜਾਣਕਾਰੀ ਅਨੁਸਾਰ, ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਪੁਲਿਸ ਵੱਲੋਂ ਸ਼ੁੱਕਰਵਾਰ ਲਗਭਗ 6 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਕੀਤੀ ਗਈ। ਦੱਸ ਦਈਏ ਕਿ ਕੰਚਨਪ੍ਰੀਤ ਕੌਰ ਅੱਜ ਦੁਪਹਿਰ 12 ਵਜੇ ਦੇ ਕਰੀਬ ਮਜੀਠਾ ਪੁਲਿਸ ਸਟੇਸ਼ਨ ਪਹੁੰਚੀ, ਜਿੱਥੇ ਉਸ ਤੋਂ ਪੁੱਛਗਿੱਛ ਕੀਤੀ ਗਈ। ਬਾਅਦ ਵਿੱਚ ਉਸਨੂੰ ਸ਼ਾਮ 5:30 ਵਜੇ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਦੀ ਪੁਸ਼ਟੀ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕੀਤੀ। ਉਸਨੂੰ ਕੱਲ੍ਹ ਅੰਮ੍ਰਿਤਸਰ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।ਦੱਸ ਦਈਏ ਕਿ ਕੰਚਨਪ੍ਰੀਤ ਕੌਰ, ਤਰਨ ਤਾਰਨ ਜ਼ਿਮਨੀ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਤਾਰੇ ਗਏ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ ਪੁੱਤਰੀ ਹੈ, ਜਿਸ ਆਮ ਆਦਮੀ ਪਾਰਟੀ ‘ਤੇ ਚੋਣਾਂ ‘ਚ ਧੱਕੇਸ਼ਾਹੀ ਦੇ ਇਲਜ਼ਾਮ ਲਾਏ ਸਨ ਅਤੇ ਵਿਰੋਧ ਕੀਤਾ ਸੀ। ਇਸ ਜ਼ਿਮਨੀ ਚੋਣ ਦੌਰਾਨ ਹੀ ਪੰਜਾਬ ਪੁਲਿਸ ਵੱਲੋਂ ਕੰਚਨਪ੍ਰੀਤ ਕੌਰ ਖਿਲਾਫ਼ ਵੱਖ ਵੱਖ ਥਾਣਿਆਂ ਵਿੱਚ 4 ਮਾਮਲੇ ਦਰਜ ਕੀਤੇ ਗਏ ਸਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਹਿਲਾ ਆਗੂ ਕੰਚਨਪ੍ਰੀਤ ਕੌਰ ਦੀ ਗ੍ਰਿਫ਼ਤਾਰੀ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਗ੍ਰਿਫ਼ਤਾਰੀ ਸਰਾਸਰ ਗ਼ੈਰ-ਕਾਨੂੰਨੀ ਹੈ। ਉਨ੍ਹਾਂ ਕਿਹਾ, ”ਤਰਨਤਾਰਨ ਉਪ-ਚੋਣਾਂ ਦੇ ਨਤੀਜਿਆਂ ਤੋਂ ਘਬਰਾ ਕੇ ਅਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਤੋਂ ਪਹਿਲਾਂ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਵਿੱਚ, ਤਰਨਤਾਰਨ ਪੁਲਿਸ ਨੇ ਇੱਕ ਵਾਰ ਫਿਰ ਕੰਚਨ ਪ੍ਰੀਤ ਕੌਰ ‘ਤੇ ਇੱਕ ਪੁਰਾਣੇ, ਮਨਘੜਤ ਕੇਸ ਦਰਜ ਕੀਤਾ ਹੈ।”ਉਨ੍ਹਾਂ ਅੱਗੇ ਕਿਹਾ, ”ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅਤੇ ਪਿਛਲੇ ਸਾਰੇ ਮਾਮਲਿਆਂ ਵਿੱਚ ਜ਼ਮਾਨਤ ਪ੍ਰਾਪਤ ਕਰਨ ਤੋਂ ਬਾਅਦ, ਕੰਚਨ ਪ੍ਰੀਤ ਕੌਰ, ਇੱਕ ਕਾਨੂੰਨ ਦੀ ਪਾਲਣਾ ਕਰਨ ਵਾਲੀ ਨਾਗਰਿਕ ਵਜੋਂ, ਅੱਜ ਜਾਂਚ ਵਿੱਚ ਸ਼ਾਮਲ ਹੋਣ ਲਈ ਗਈ ਸੀ। ਅਸੀਂ ਇਸ ਪੁਲਿਸ ਅੱਤਿਆਚਾਰ ਦਾ ਆਪਣੀ ਪੂਰੀ ਤਾਕਤ ਨਾਲ ਮੁਕਾਬਲਾ ਕਰਾਂਗੇ। ਇਹ ਇੱਕ ਸਰਾਸਰ ਗੈਰ-ਕਾਨੂੰਨੀ ਕਾਰਵਾਈ ਹੈ, ਅਤੇ ਮੈਂ ਸਾਰਿਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਜਿਹੀਆਂ ਗੈਰ-ਕਾਨੂੰਨੀ ਕਾਰਵਾਈਆਂ ਵਿੱਚ ਸ਼ਾਮਲ ਅਧਿਕਾਰੀਆਂ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ।”
