“ਪੰਜਾਬਃ ਫ਼ਸਲਾਂ ਹੇਠੋਂ ਖਿਸਕਦੀ ਜ਼ਮੀਨ” ਵਿਸ਼ੇ ਤੇ ਮਹੱਤਵ ਪੂਰਨ ਕਿਤਾਬ ਪ੍ਹੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ 

 

ਲੁਧਿਆਣਾਃ 24 ਨਵੰਬਰ – ( ਰਣਜੀਤ ਸਿੰਘ ਖ਼ਾਲਸਾ ) ਪੰਜਾਬ ਅੰਦਰ ਗ਼ੈਰ ਉਪਜਾਊ ਕੰਮਾਂ ਹੇਠ ਵਾਹੀਯੋਗ ਜ਼ਮੀਨ ਦਾ ਨੁਕਸਾਨ ਬੇਹੱਦ ਚਿੰਤਾ ਦਾ ਵਿਸ਼ਾ ਤਾਂ ਹੈ, ਪਰ ਇਹ ਰਕਬਾ ਕਿੰਨਾ ਕੁ ਹੈ, ਕਿਸ ਖੇਤਰ ਵਿੱਚ ਇਹ ਜ਼ਮੀਨ ਕਿੰਨੀ ਕੁ ਖਿਸਕ ਰਹੀ ਹੈ, ਇਸ ਬਾਰੇ ਨਿੱਠ ਕੇ ਇਤਿਹਾਸਕ ਦਸਤਾਵੇਜ਼ ਰੂਪੀ ਪੁਸਤਕ ਸੰਪਾਦਿਤ ਕਰਨ ਤੇ

‘ਕਾਫਲਾ: ਜੀਵੇ ਪੰਜਾਬ’

ਦੇ ਸਹਿਯੋਗ ਨਾਲ ਪ੍ਰਕਾਸ਼ਿਤ ਕਰਨਾ ਬਹੁਤ ਹੀ ਜ਼ਿੰਮੇਵਾਰੀ ਵਾਲਾ ਕਾਰਜ ਹੈ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਇਹ ਕਾਰਜ ਤਿੰਨ ਜ਼ਹੀਨ ਵਿਦਵਾਨਾਂ ਗੁਰਪ੍ਹੀਤ ਸਿੰਘ ਤੂਰ ਸੇਵਾਮੁਕਤ ਕਮਿਸ਼ਨਰ ਪੁਲੀਸ, ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਸੇਵਾਮੁਕਤ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਤੇ ਗੁਰੂ ਅੰਗਦ ਦੇਵ ਕਾਲਿਜ ਖਡੂਰ ਸਾਹਿਬ ਦੇ ਪ੍ਹਿੰਸੀਪਲ ਡਾ. ਬਲਵੰਤ ਸਿੰਘ ਸੰਧੂ ਨੇ ਕੀਤਾ ਹੈ। ਚੰਗੀ ਗੱਲ ਹੈ ਕਿ “ਜੀਵੇ ਪੰਜਾਬ ਕਾਫ਼ਲਾ” ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਵਿੱਚੋਂ ਕਿਸੇ ਇੱਕ ਸਮੱਸਿਆ ਨੂੰ ਲੈ ਕੇ ਹਰ ਸਾਲ ਇੱਕ ਕਿਤਾਬ ਸੰਪਾਦਿਤ ਕਰਕੇ ਪ੍ਹਕਾਸ਼ਿਤ ਕਰਵਾਉਂਦਾ ਹੈ. ਪਿਛਲੇ ਸਾਲ ਇਸ ਸੰਸਥਾ ਨੇ “ਪੰਜਾਬ ਤੇ ਪਰਵਾਸ” ਵਿਸ਼ੇ ਤੇ ਮਹੱਤਵਪੂਰਨ ਪ੍ਰਕਾਸ਼ਨਾਂ ਕੀਤੀ ਸੀ। ਇਸ ਵਰ੍ਹੇ ਪੰਜਾਬ ਦੀਆਂ ਜ਼ਮੀਨਾਂ ਦੇ ਅਤੀਤ, ਵਰਤਮਾਨ ਸਥਿਤੀ ਅਤੇ ਭਵਿੱਖ ਬਾਰੇ ਵਿਚਾਰ ਚਰਚਾ ਕਰਦੀ ਇਹ ਪੁਸਤਕ ਸਾਨੂੰ ਪੰਜਾਬ ਦੀ ਗਹਿਰ ਗੰਭੀਰ ਸਮੱਸਿਆ ਬਾਰੇ ਸੋਚਣ ਦੇ ਰੂ ਬ ਰੂ ਖੜ੍ਹਾ ਕਰੇਗੀ।

ਪੁਸਤਕ ਨੂੰ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਹੋ. ਗੁਰਭਜਨ ਸਿੰਘ ਗਿੱਲ, ਕੁਦਰਤ ਬਾਰੇ ਅੰਤਰ ਰਾਸ਼ਟਰੀ ਪ੍ਹਸਿੱਧੀ ਪ੍ਰਾਪਤ ਫੋਟੋ ਕਲਾਕਾਰ ਤੇਜ ਪ੍ਰਤਾਪ ਸਿੰਘ ਸੰਧੂ ਤੇ ਡਾ. ਨਿਰਮਲ ਸਿੰਘ ਜੌੜਾ ਨਿਰਦੇਸ਼ਕ ਵਿਦਿਆਰਥੀ ਭਲਾਈ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਪਾਸੋਂ ਸ. ਗੁਰਪ੍ਰੀਤ ਸਿੰਘ ਨੇ ਲੋਕ ਅਰਪਣ ਕਰਵਾਈ।

ਪੁਸਤਕ ਬਾਰੇ ਜਾਣਕਾਰੀ ਦੇਂਦਿਆਂ ਸ. ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਇਸ ਵਿੱਚ ਇਸ ਵਿਸ਼ੇ ਦੀਆਂ ਵੱਖ ਵੱਖ ਦਿਸ਼ਾਵਾਂ ਬਾਰੇ ਵੱਖ ਵੱਖ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਖੇਤੀਬਾੜੀ ਮਾਹਰਾਂ ਡਾ. ਹਰਦੀਪ ਸਿੰਘ ਸੁਰ, ਡਾ. ਪਾਲ ਸਿੰਘ ਸਿੱਧੂ, ਡਾ. ਸ ਪ ਸ ਬਰਾੜ, ਡਾ. ਕਾਬਲ ਸਿੰਘ ਗਿੱਲ ਤੇ ਸਾਬਕਾ ਵੀ ਸੀ ਡਾ. ਮਿਲਖਾ ਸਿੰਘ ਔਲਖ, ਡਾ. ਸੁਰਿੰਦਰ ਸਿੰਘ ਕੁੱਕਲ, ਡਾ. ਸੁੱਚਾ ਸਿੰਘ ਗਿੱਲ, ਡਾ. ਰਣਜੀਤ ਸਿੰਘ ਘੁੰਮਣ, ਡਾ. ਮੇਹਰ ਮਾਣਕ, ਡਾ. ਅਮਰਜੀਤ ਸਿੰਘ ਭੁੱਲਰ, ਸ. ਕਾਹਨ ਸਿੰਘ ਪੰਨੂੰ ਤੇ ਜੀ ਕੇ ਸਿੰਘ ਦੋਵੇਂ ਸੇਵਾ ਮੁਕਤ ਆਈ ਏ ਐੱਸ, ਜੇ ਪੀ ਸਿੰਘ , ਜਗਜੀਤ ਸਿੰਘ ਕੋਛੜ, ਕੁਲਦੀਪ ਸਿੰਘ, ਮਨਜੀਤ ਸ਼ਰਮਾ, ਪ੍ਰਿੰਸੀਪਲ ਸਰਵਣ ਸਿੰਘ, ਡਾੑ ਬਲਵੰਤ ਸਿੰਘ ਸੰਧੂ, ਵਿਜੈ ਬਬੇਲੀ, ਡਾ. ਸੁਖਦੇਵ ਸਿੰਘ, ਕਮਲ ਵੱਤਾ ਤੇ ਡਾ. ਰਾਜਿੰਦਰ ਸਿੰਘ ਸਿੱਧੂ,ਗੁਰਪ੍ਰੀਤ ਸਿੰਘ ਤੂਰ, ਡਾ. ਨਵਤੇਜ ਸਿੰਘ ਬੈਂਸ ਤੇ ਦੇਵਿੰਦਰ ਸ਼ਰਮਾ ਦੇ 23 ਲੇਖ ਸ਼ਾਮਲ ਕੀਤੇ ਗਏ ਹਨ।

ਇਹ ਪੁਸਤਕ ਪੰਜਾਬ ਲਈ ਜ਼ਮੀਨਾਂ ਦੀ ਬਹੁਪਰਤੀ ਮਹੱਤਤਾ ਤੋਂ ਬਿਨਾਂ ਲੈਂਡ ਪੂਲਿੰਗ ਪਾਲਸੀ 2025 ਬਾਰੇ, ਉਪਜਾਊ ਜ਼ਮੀਨਾਂ ਦਾ ਗੈਰ ਖੇਤੀ ਕੰਮਾਂ ਲਈ ਵਰਤੇ ਜਾਣ ਬਾਰੇ, ਬਿਨਾਂ ਯੋਜਨਾਬੰਦੀ ਤੋਂ ਵਧ ਰਹੇ ਸ਼ਹਿਰੀਕਰਨ ਬਾਰੇ, ਜ਼ਮੀਨਾਂ ਨੂੰ ਕਾਲੇ ਧਨ ਦੀ ਖਪਤ ਦਾ ਸਾਧਨ ਬਣਾਏ ਜਾਣ ਬਾਰੇ , ਘਟ ਰਹੀਆਂ ਉਪਜਾਊ ਜ਼ਮੀਨਾਂ ਤੋਂ ਬਾਅਦ ਉਪਜਣ ਵਾਲੇ ਸੰਕਟ ਬਾਰੇ ਵਿਸਥਾਰ ਪੂਰਵਕ ਚਰਚਾ ਕਰਦੀ ਹੈ। ਮੌਜੂਦਾ ਸਮੇਂ ਦੀ ਇਹ ਬਹੁਤ ਵੱਡੀ ਲੋੜ ਹੈ ਕਿ ਪੰਜਾਬੀ ਆਪਣੀਆਂ ਜ਼ਮੀਨਾਂ ਨੂੰ ਸਾਂਭਣ ਕਿਉਂਕਿ ਉਪਜਾਊ ਜ਼ਮੀਨਾਂ ਦੇ ਲਗਾਤਾਰ ਘਟਣ ਕਾਰਨ ਪੰਜਾਬ ਦਾ ਪਹਿਲਾਂ ਹੀ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਹੈ।

ਡਾ. ਨਿਰਮਲ ਸਿੰਘ ਜੌੜਾ ਨੇ ਕਿਹਾ ਕਿ ਪੰਜਾਬ ਦੀ ਜ਼ਮੀਨ ਹਰ ਰੋਜ਼ ਘਟ ਰਹੀ ਹੈ, ਜਿਸ ਦਾ ਬੋਝ ਪਿੱਛੇ ਰਹਿ ਗਈ ਬਾਕੀ ਉਪਜਾਊ ਜ਼ਮੀਨ ਤੇ ਵੀ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਦਿਨੋ ਦਿਨ ਘੱਟ ਹੋ ਰਹੀ ਜ਼ਮੀਨ ਬਾਰੇ ਕਿਸੇ ਵੀ ਫੋਰਮ ਤੇ ਅੰਕੜੇ ਸਹੀ ਰੂਪ ਵਿੱਚ ਨਹੀਂ ਸੰਭਾਲੇ ਜਾਂਦੇ। ਇਸ ਪੁਸਤਕ ਵਿੱਚ ਦੱਸੇ ਇਕ ਅੰਕੜੇ ਅਨੁਸਾਰ ਪੰਜਾਬ ਪਿਛਲੇ ਕੁਝ ਸਾਲਾਂ ਤੋਂ ਪ੍ਰਤੀ ਦਿਨ ਆਪਣੀ ਅੱਸੀ ਏਕੜ ਜ਼ਮੀਨ ਗੁਆ ਰਿਹਾ ਹੈ।

ਸ. ਤੇਜਪਰਤਾਪ ਸਿੰਘ ਸੰਧੂ ਨੇ ਕਿਹਾ ਕਿ ਮੌਜੂਦਾ ਸਮੇਂ ਦਾ ਸਭ ਤੋਂ ਚਿੰਤਾ ਵਾਲਾ ਇਹ ਮਸਲਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮਸਲੇ ਬਾਰੇ ਕੋਈ ਵੀ ਗੰਭੀਰ ਗੱਲਬਾਤ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਅਜੇ ਵੀ ਮੌਕਾ ਹੈ ਕਿ ਪੰਜਾਬੀ ਆਪਣੀਆਂ ਜ਼ਮੀਨਾਂ ਸਾਂਭਣ ਅਤੇ ਪੰਜਾਬ ਦਾ ਭਵਿੱਖ ਸੁਰੱਖਿਅਤ ਰੱਖਣ ਲਈ ਆਪਣਾ ਬਣਦਾ ਯੋਗਦਾਨ ਪਾਉਣ। ਇਸ ਪੁਸਤਕ ਦੇ ਪ੍ਹਕਾਸ਼ਨ ਤੋਂ ਬਾਦ ਯੂਨੀਵਰਸਿਟੀਆਂ ਕਾਲਜਾਂ ਤੇ ਯੋਜਨਾ ਤਿਆਰ ਕਰਨ ਵਾਲੀਆਂ ਧਿਰਾਂ ਵਿੱਚ ਬਹਿਸ ਅੱਗੇ ਤੁਰਨੀ ਚਾਹੀਦੀ ਹੈ। ਇਹ ਪੁਸਤਕ ਚੇਤਨਾ ਪ੍ਰਕਾਸ਼ਨ , ਪੰਜਾਬੀ ਭਵਨ ਲੁਧਿਆਣਾ ਨੇ ਪ੍ਰਕਾਸ਼ਿਤ ਕੀਤੀ ਹੈ।