
ਪਿਛਲੇ ਮਹੀਨੇ ਆਰੰਭ ਕੀਤੇ 350 ਸਾਲਾਂ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੀ ਸਮਾਪਤੀ ਹੋਈ
ਪ੍ਰਿਤਪਾਲ ਸਿੰਘ ਪਾਲੀ
ਲੁਧਿਆਣਾ 23 ਨਵੰਬਰ- ਗੁਰਬਾਣੀ, ਗੁਰ ਇਤਿਹਾਸ, ਗੁਰਮਤਿ ਸੰਗੀਤ ਦੇ ਪ੍ਰਚਾਰ-ਪ੍ਰਸਾਰ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਵਿਖੇ 350 ਸਾਲਾਂ ਸ਼ਤਾਬਦੀ ਨੂੰ ਸਮਰਪਿਤ ਹਫਤਾਵਾਰੀ ਗੁਰਮਤਿ ਸਮਾਗਮ ਕਰਵਾਏ। ਜਿਸ ਵਿੱਚ ਮੌਜੂਦ ਮੁਖੀ ਸੰਤ ਬਾਬਾ ਅਮੀਰ ਸਿੰਘ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਫਰਮਾਇਆ ਕਿ ਸਰਬੰਸ ਦਾਨੀ, ਬਾਦਸ਼ਾਹ ਦਰਵੇਸ਼, ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨੂਰਾਨੀ ਅਗੰਮੀ ਅਦੁੱਤੀ ਅਤੇ ਅਜ਼ੀਮ ਸ਼ਖਸ਼ੀਅਤ ਸੰਸਾਰ ਦੇ ਇਤਿਹਾਸ ਵਿੱਚ ਸਭ ਤੋਂ ਨਿਰਾਲੀ ਤੇ ਲਾਸਾਨੀ ਹੈ। ਗੁਰੂ ਸਾਹਿਬ ਜੀ ਸਬਰ, ਸਹਿਜ, ਸਿਦਕ ਦ੍ਰਿੜਤਾ ਸਾਹਸ ਅਤੇ ਚੜਦੀ ਕਲਾ ਦੇ ਅਨੂਠੇ ਮੁਜੱਸਮੇ ਸਨ। ਉਹਨਾਂ ਆਪਣੇ ਸਿੱਖਾਂ ਅਤੇ ਸਮੁੱਚੀ ਲੋਕਾਈ ਨੂੰ ਅਕਾਲ ਪੁਰਖ ਨਾਲ ਜੁੜਨ ਅਤੇ ਪਰਮਾਤਮਾ ਨੂੰ ਆਪਣਾ ਓਟ ਆਸਰਾ ਸਮਝਣ ਲਈ ਪ੍ਰੇਰਿਆ।
ਬਾਬਾ ਜੀ ਨੇ ਇਤਿਹਾਸਕ ਹਵਾਲਿਆਂ ਨਾਲ ਸਮਝਾਇਆ ਕਿ ਗੁਰੂ ਸਾਹਿਬ ਜੀ ਦਾ ਸਮੁੱਚਾ ਸੰਸਾਰਕ ਜੀਵਨ ਹਰ ਪੱਖੋਂ ਕ੍ਰਿਸ਼ਮਈ ਅਤੇ ਅਚੰਭਿਤ ਕਰਨ ਵਾਲਾ ਹੈ। ਆਪ ਜੀ ਨੇ ਨੌ ਸਾਲ ਦੀ ਆਯੂ ਵਿੱਚ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦੂਜੇ ਧਰਮ ਭਾਵ ਜਿਨਾਂ ਨਾਲ ਸਿਧਾਂਤਕ ਮਤਭੇਦ ਸੀ, ਉਨ੍ਹਾਂ ਦੀ ਰੱਖਿਆ ਖਾਤਰ ਕੁਰਬਾਨੀ ਦੇਣ ਲਈ ਭੇਜਿਆ। ਅੱਜ ਦੇ ਦਿਨ 350ਸਾਲ ਪਹਿਲਾਂ ਨੌ ਸਾਲ ਦੀ ਆਯੂ ਵਿੱਚ ਆਪ ਜੀ ਨੂੰ ਸ੍ਰੀ ਗੁਰੂ ਨਾਨਕ ਜੋਤ ਦੇ ਦਸਵੇਂ ਵਾਰਸ ਦੇ ਰੂਪ ਵਿੱਚ ਗੁਰਿਆਈ ਪ੍ਰਾਪਤ ਹੋਈ, 42 ਸਾਲ ਦੀ ਆਯੂ ਤੱਕ ਉਨ੍ਹਾਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਆਰੰਭ ਕੀਤੇ ਸਿੱਖ ਧਰਮ ਦੇ ਕ੍ਰਾਂਤੀਕਾਰੀ, ਦਾਰਸ਼ਨਿਕ ਸਿਧਾਂਤਾਂ ਨੂੰ ਤੀਬਰਤਾ ਤੇ ਦੈਵੀ ਕੁਸ਼ਲਤਾ ਨਾਲ ਸਿਖਰ ਤੇ ਪਹੁੰਚਾਇਆ। ਆਪ ਜੀ ਉੱਚ ਕੋਟੀ ਦੇ ਮਹਾਨ ਵਿਦਵਾਨ, ਜਰਨੈਲ, ਅਜੀਮ ਸਾਹਿਤਕਾਰ, ਗੁਰਬਾਣੀ ਸੰਗੀਤ ਦੇ ਰਸੀਏ, ਸਰਬੰਸ ਦਾਨੀ, ਅੰਮ੍ਰਿਤ ਦੇ ਦਾਤੇ, ਭਗਤੀ-ਸ਼ਕਤੀ ਦੇ ਮੁਜੱਸਮੇ, ਸ਼ਸਤਰ-ਸ਼ਾਸਤਰ ਦੇ ਧਨੀ, ਸੰਤ-ਸਿਪਾਹੀ, ਸਾਹਿਬ-ਏ-ਕਮਾਲ, ਮਰਦ ਅਗੰਮੜੇ ਦੁਸਟ ਦਮਨ, ਅੰਮ੍ਰਿਤ ਕੇ ਦਾਤੇ ਸਨ। ਅੱਜ ਪਿਛਲੇ …. ਤੋਂ ਆਰੰਭ ਹੋਏ 350 ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹਫਤਾਵਾਰੀ ਸਮਾਗਮਾਂ ਦੀ ਵੀ ਸਮਾਪਤੀ ਦੀ ਅਰਦਾਸ ਹੋਈ। ਇਸ ਤੋਂ ਪਹਿਲਾਂ ਜਵੱਦੀ ਟਕਸਾਲ ਦੇ ਹੋਣਹਾਰ ਵਿਿਦਆਰਥੀਆਂ ਨੇ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਅਤੇ ਦਸਮ ਬਾਣੀ ਦੇ ਕੀਰਤਨ ਕੀਤੇ। ਮਹਾਂਪੁਰਸ਼ਾਂ ਨੇ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ 29 ਤੱਕ ਸ਼੍ਰੀ ਅਨੰਦਪੁਰ ਸਾਹਿਬ ਹੋ ਰਹੇ ਸ਼ਹੀਦੀ ਸ਼ਤਾਬਦੀ ਸਮਾਰੋਹ ਵਿੱਚ ਸ਼ਾਮਿਲ ਹੋਣ ਲਈ ਕੀਤੀ ਅਪੀਲ।
