ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਗੁਰਪੁਰਬ ਅਤੇ ਸਿਹਤ ਸੰਭਾਲ ਨੂੰ ਸਮਰਪਿਤ ਰਹੀ

ਗੁਰਦੀਸ਼ ਕੌਰ ਗਰੇਵਾਲ

ਕੈਲਗਰੀ: 16 ਨਵੰਬਰ ਦਿਨ ਐਤਵਾਰ ਨੂੰ ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਜੈਨੇਸਸ ਸੈਂਟਰ ਵਿਖੇ ਭਰਵੀਂ ਹਾਜ਼ਰੀ ਵਿੱਚ ਹੋਈ। ਸਭਾ ਦੇ ਸਕੱਤਰ ਗੁਰਨਾਮ ਕੌਰ ਨੇ ਸਾਰੀਆਂ ਭੈਣਾਂ ਨੂੰ ਜੀ ਆਇਆਂ ਆਖਿਆ। ਸਭਾ ਦੇ ਪ੍ਰਧਾਨ ਸ੍ਰੀਮਤੀ ਬਲਵਿੰਦਰ ਕੌਰ ਬਰਾੜ ਜੀ ਨੇ ਸਭਾ ਦੀ ਮੈਂਬਰ ਇਕਬਾਲ ਕੌਰ ਜੀ ਦੇ ਜਵਾਈ ਦੀ ਬੇਵਕਤੀ ਮੌਤ ਤੇ ਸ਼ੋਕ ਮਤਾ ਪੇਸ਼ ਕੀਤਾ। ਇਸ ਤੋਂ ਬਾਅਦ ਗੁਰਨਾਮ ਕੌਰ ਨੇ ਇਸ ਮਹੀਨੇ ਦੇ ਪ੍ਰਮੁੱਖ ਦਿਹਾੜਿਆਂ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ, ਗੁਰੂ ਨਾਨਕ ਜੀ ਦੇ ਪ੍ਰਕਾਸ਼ ਪੁਰਬ, ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ, ਬਾਬਾ ਦੀਪ ਸਿੰਘ ਦੀ ਲਾਸਾਨੀ ਸ਼ਹਾਦਤ, ਨਵੰਬਰ 84 ਵਿੱਚ ਦੇਸ਼ ਭਰ ਵਿੱਚ ਸਿੱਖਾਂ ਦੇ ਹੋਏ ਘਾਣ ਬਾਰੇ ਅਤੇ ਰਿਮੈਂਬਰਸ ਡੇ ਬਾਰੇ ਸੰਖੇਪ ਵਿਚਾਰ ਸਾਂਝੇ ਕੀਤੇ।

ਬਲਵਿੰਦਰ ਕੌਰ ਬਰਾੜ ਨੇ ਕੈਨੇਡਾ ਦੀ ਆਰਮੀ ਵਲੋਂ ਲੜੇ ਸਿੱਖ ਸ਼ਹੀਦ ਬੁੱਕਮ ਸਿੰਘ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ- ਕਿ ਉਸ ਦੀ ਸਮਾਧ ਕਿਚਨਰ ਨੇੜੇ ਹੈ ਅਤੇ ਕੈਨੇਡਾ ਪੋਸਟ ਵਲੋਂ ਉਸ ਦੀ ਯਾਦ ਵਿੱਚ ਟਿੱਕਟ ਵੀ ਜਾਰੀ ਕੀਤੀ ਗਈ ਹੈ।

ਨਵੀਆਂ ਹਾਜ਼ਰ ਹੋਈਆਂ ਭੈਣਾਂ- ਬਲਵਿੰਦਰ ਕੌਰ, ਮੀਨਾ ਲਾਲੀ, ਹਰਜੀਤ ਕੌਰ ਸੰਧੂ ਅਤੇ ਮਨਦੀਪ ਕੌਰ ਸੰਘਾ ਨਾਲ ਜਾਣ ਪਛਾਣ ਕਰਵਾਈ ਗਈ।

ਯੋਗਾ ਟੀਚਰ ਰਸ਼ਪਾਲ ਕੌਰ ਨੇ ਆਤਮਿਕ ਅਤੇ ਸਰੀਰਕ ਤੰਦਰੁਸਤੀ ਲਈ ਯੋਗਾ ਨੂੰ ਜ਼ਰੂਰੀ ਦੱਸਦਿਆਂ, ਕਸਰਤਾਂ ਵੀ ਕਰਵਾਈਆਂ ਅਤੇ ਭੈਣਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।

ਇਸ ਤੋਂ ਬਾਅਦ ਡਾਕਟਰ ਸਿੰਮੀ ਸੰਧਾਵਾਲੀਆ ਨੇ ਹੱਡੀਆਂ ਨਾਲ ਸਬੰਧਤ ਬਿਮਾਰੀਆਂ, ਵਿਸ਼ੇਸ਼ ਤੌਰ ਤੇ ਹੱਡੀਆਂ ਕਮਜ਼ੋਰ ਹੋਣ ਦੇ ਕਾਰਨ, ਨਿਸ਼ਾਨੀਆਂ, ਪਰਹੇਜ਼ ਅਤੇ ਇਲਾਜ ਬਾਰੇ ਜਾਣਕਾਰੀ ਦੇਣ ਉਪਰੰਤ, ਮੈਂਬਰਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ, ਉਸ ਨੇ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੇ ਕੁਦਰਤੀ ਸੋਮਿਆਂ ਬਾਰੇ ਵੀ ਜਾਣਕਾਰੀ ਦਿੱਤੀ। ਡਾਕਟਰ ਸਿੰਮੀ ਨੇ ਖਚਾ ਖਚ ਭਰੇ ਹਾਲ ਨੂੰ ਦੇਖਦਿਆਂ, ਸਭਾ ਲਈ ਇਕ ਮਾਈਕ ਦੇਣ ਦੀ ਪੇਸ਼ਕਸ਼ ਵੀ ਕੀਤੀ।

ਮੁਖਤਿਆਰ ਕੌਰ ਅਤੇ ਸੁਰਿੰਦਰ ਕੌਰ ਵਿਰਦੀ ਨੇ ਨਵੰਬਰ 84 ਦੇ ਹੱਡੀਂ ਹੰਢਾਏ ਦਰਦ ਨੂੰ ਬਿਆਨ ਕੀਤਾ- ਕਿ ਕਿਵੇਂ ਦਿੱਲੀ ਅਤੇ ਕਾਹਨਪੁਰ ਵਿਖੇ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਅਤੇ ਗਲਾਂ ਵਿੱਚ ਟਾਇਰ ਪਾਕੇ ਅੱਗ ਲਾ ਕੇ ਜਿਉਂਦਿਆਂ ਨੂੰ ਸਾੜਿਆ ਗਿਆ। ਉਸ ਸਮੇਂ ਦਿੱਲੀ ਦਾ ਅਸਮਾਨ ਧੂੰਏਂ ਨਾਲ ਕਾਲਾ ਹੋ ਗਿਆ ਸੀ। ਕਿਰਨ ਕਲਸੀ ਨੇ ਕੈਨੇਡਾ ਦੇ ਮੂਲ ਨਿਵਾਸੀਆਂ ਨੂੰ ਯਾਦ ਕਰਨ ਤੋਂ ਇਲਾਵਾ, ਚੁਰਾਸੀ ਸਮੇਂ ਹਿੰਦੂ, ਸਿੱਖ ਅਤੇ ਮੁਸਲਮਾਨ ਭਾਈਚਾਰੇ ਦੀ ਏਕਤਾ ਦੀ ਗੱਲ ਵੀ ਕੀਤੀ। ਰਜਿੰਦਰ ਕੌਰ ਚੋਹਕਾ ਨੇ, 16 ਨਵੰਬਰ ਵਾਲੇ ਦਿਨ ਕਰਤਾਰ ਸਿੰਘ ਸਰਾਭਾ ਅਤੇ ਗਦਰੀ ਸੰਗ੍ਰਾਮ ਨਾਲ ਜੁੜੀ ਬੀਬੀ ਗੁਲਾਬ ਕੌਰ ਦੀ ਕੁਰਬਾਨੀ ਬਾਰੇ ਜਾਣਕਾਰੀ ਦਿੱਤੀ ਅਤੇ ਬਾਬਾ ਨਜ਼ਮੀ ਦੀਆਂ ਕੁਝ ਸਤਰਾਂ ਵੀ ਸਾਂਝੀਆਂ ਕੀਤੀਆਂ।

ਭੈਣ ਗੁਰਤੇਜ ਕੌਰ ਸਿੱਧੂ ਨੇ ਲੰਮੇ ਸਮੇਂ ਦੀ ਬਿਮਾਰੀ ਤੋਂ ਬਾਦ ਹਾਜ਼ਰੀ ਭਰੀ ਅਤੇ ਭੈਣਾਂ ਦਾ ਧੰਨਵਾਦ ਕੀਤਾ।

ਗੁਰਦੀਸ਼ ਕੌਰ ਗਰੇਵਾਲ ਨੇ ਆਪਣੀ ਕਵਿਤਾ ‘ਛੇੜ ਮਰਦਾਨਿਆਂ ਰਬਾਬ’ ਤਰੰਨਮ ਵਿੱਚ ਸੁਣਾ ਕੇ ਬਾਬੇ ਨਾਨਕ ਨੂੰ ਯਾਦ ਕੀਤਾ।

ਸੁਰਿੰਦਰ ਕੌਰ ਸੰਧੂ, ਗੁਰਜੀਤ ਕੌਰ ਬੈਦਵਾਨ ਅਤੇ ਸਤਵਿੰਦਰ ਫਰਵਾਹਾ ਨੇ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਸਮਰਪਿਤ ਕਵਿਤਾਵਾਂ ਸੁਣਾਈਆਂ। ਜਸਮਿੰਦਰ ਕੌਰ ਬਰਾੜ ਨੇ ਗੁਰੂ ਤੇਗ ਬਹਾਦਰ ਜੀ ਦੇ ਨਾਲ ਸ਼ਹੀਦ ਹੋਣ ਵਾਲੇ ਸਿੱਖਾਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਬਾਰੇ ਕਵਿਤਾ ਸੁਣਾਈ।

ਬਲਵੀਰ ਕੌਰ ਗਰੇਵਾਲ ਨੇ ‘ਅਸੀਂ ਕਿਉਂ ਪ੍ਰਦੇਸੀ ਹੋਏ’, ਗੀਤ ਸੁਣਾ ਕੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ। ਸਰਬਜੀਤ ਉਪੱਲ ਨੇ ‘ਤੇਰਾ ਸ਼ੁਕਰੀਆ’ ਹਿੰਦੀ ਕਵਿਤਾ ਸੁਣਾ ਕੇ ਸਾਂਝ ਪਾਈ। ਮਨਦੀਪ ਕੌਰ ਸੰਘਾ, ਅਮਰਜੀਤ ਗਰੇਵਾਲ ਅਤੇ ਗੁਰਨਾਮ ਕੌਰ ਨੇ ਲੰਮੀਂ ਹੇਕ ਦੇ ਗੀਤ ਗਾ ਕੇ ਰੰਗ ਬੰਨ੍ਹ ਦਿੱਤਾ।

ਅਖੀਰ ਵਿੱਚ ਬੀਬੀਆਂ ਨੇ ਬੋਲੀਆਂ ਨਾਲ ਗਿੱਧਾ ਪਾ ਕੇ, ਮਹੌਲ ਹੋਰ ਵੀ ਖੁਸ਼ਗਵਾਰ ਬਣਾ ਦਿੱਤਾ। ਸ਼ਿਵਾਲਿਕ ਟੀ ਵੀ ਚੈਨਲ ਵੱਲੋਂ ਪਰਮਜੀਤ ਸਿੰਘ ਭੰਗੂ ਜੀ ਨੇ ਸਾਰੇ ਪ੍ਰੋਗਰਾਮ ਦੀ ਉਚੇਚੇ ਤੌਰ ਤੇ ਕਵਰੇਜ ਕੀਤੀ।

ਬਰੇਕ ਸਮੇਂ, ਪੰਜਾਬੀਆਂ ਦਾ ਮਨਪਸੰਦ ਖਾਣਾ ਸਾਗ ਅਤੇ ਮੱਕੀ ਦੀਆਂ ਰੋਟੀਆਂ ਨਾਲ ਲੱਡੂ ਅਤੇ ਗੁਲਾਬ ਜਾਮਣਾਂ ਵੀ ਵਰਤਾਈਆਂ ਗਈਆਂ।

ਅੰਤ ਵਿੱਚ ਬਲਵਿੰਦਰ ਕੌਰ ਬਰਾੜ ਨੇ ਸਾਰੀਆਂ ਭੈਣਾਂ ਦਾ ਧੰਨਵਾਦ ਕੀਤਾ ਅਤੇ ਅਗਲੇ ਮਹੀਨੇ ਦੀ ਮੀਟਿੰਗ ਦਾ ਸਮਾਂ ਦੁਪਹਿਰ ਇੱਕ ਵਜੇ ਤੋਂ ਸ਼ਾਮ 4 ਵਜੇ ਤੱਕ ਹੋਣ ਦੀ ਸੂਚਨਾ ਵੀ ਸਾਂਝੀ ਕੀਤੀ। ਸੋ ਇਸ ਤਰ੍ਹਾਂ ਇਹ ਮੀਟਿੰਗ ਯਾਦਗਾਰੀ ਹੋ ਨਿੱਬੜੀ।

ਵਧੇਰੇ ਜਾਣਕਾਰੀ ਲਈ ਪ੍ਰਧਾਨ ਡਾ. ਬਲਵਿੰਦਰ ਕੌਰ ਬਰਾੜ ਨਾਲ +1 403 590 9629 ਤੇ ਸੰਪਰਕ ਕੀਤਾ ਜਾ ਸਕਦਾ ਹੈ।

*ਰਿਪੋਰਟ ਕਰਤਾ* *ਗੁਰਨਾਮ ਕੌਰ ਸਕੱਤਰ*

*+1 825 735 4550*