ਅੰਮ੍ਰਿਤਸਰ’ਚ ਸਰਹੱਦ ਪਾਰੋਂ ਹਥਿਆਰਾਂ ਦੇ ਮਾਡਿਊਲ ਦਾ ਪਰਦਾਫਾਸ਼,7 ਮੁਲਜ਼ਿਮ ਨੂੰ ਕੀਤਾ ਗ੍ਰਿਫਤਾਰ

ਨਿਊਜ਼ ਪੰਜਾਬ

31 ਅਕਤੂਬਰ 2025

ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਖੁਫੀਆ ਏਜੰਸੀਆਂ ਦੀ ਅਗਵਾਈ ਹੇਠ ਇੱਕ ਕਾਰਵਾਈ ਦੌਰਾਨ ਅੰਮ੍ਰਿਤਸਰ ਤੋਂ ਸੱਤ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਪਾਕਿਸਤਾਨ ਨਾਲ ਜੁੜੇ ਇੱਕ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼ ਕੀਤਾ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਸਥਿਤ ਇੱਕ ਹੈਂਡਲਰ ਦੇ ਸੰਪਰਕ ਵਿੱਚ ਸਨ ਅਤੇ ਸੂਬੇ ਭਰ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਖਰੀਦ ਅਤੇ ਸਪਲਾਈ ਵਿੱਚ ਸਰਗਰਮੀ ਨਾਲ ਸ਼ਾਮਲ ਸਨ।

“ਸ਼ਮਸ਼ੇਰ ਸਿੰਘ ਉਰਫ ਸੀਮਾ, ਅਮਨਦੀਪ ਸਿੰਘ ਉਰਫ ਬੌਬੀ, ਬਲਵਿੰਦਰ ਸਿੰਘ ਉਰਫ ਕਾਕਾ, ਗੁਰਦੇਵ ਸਿੰਘ, ਕਰਨਪ੍ਰੀਤ ਸਿੰਘ, ਹਰਮਨ ਸਿੰਘ ਅਤੇ ਇੱਕ ਨਾਬਾਲਗ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਸਾਰੇ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ,” ਪੁਲਿਸ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ X ‘ਤੇ ਪੋਸਟ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਤੋਂ 15 ਆਧੁਨਿਕ ਪਿਸਤੌਲ, 9 ਗਲੋਕ 9 ਐਮਐਮ ਪਿਸਤੌਲ ਅਤੇ 6 ਪਿਸਤੌਲ .30 ਬੋਰ ਬਰਾਮਦ ਕੀਤੇ ਗਏ ਹਨ।

ਗ੍ਰਿਫਤਾਰ ਮੁਲਜ਼ਮਾਂ ਖਿਲਾਫ FIR ਥਾਣਾ ਕੈਂਟੋਨਮੈਂਟ ਅੰਮ੍ਰਿਤਸਰ ਵਿਚ ਦਰਜ ਕੀਤੀ ਗਈ ਹੈ। ਪੁਲਿਸ ਨੇ ਕਿਹਾ ਕਿ ਹੁਣ ਪੂਰੇ ਨੈਟਵਰਕ ਇਸ ਦੇ ਪਿਛਲੇ ਤੇ ਅੱਗੇ ਦੀਆਂ ਕੜੀਆਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਡੀਜੀਪੀ ਨੇ ਕਿਹਾ ਕਿ ਉਹ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਦੇ ਨੈਟਵਰਕ ਨੂੰ ਖਤਮ ਕਰਨ ਤੇ ਸੂਬੇ ਵਿਚ ਗੈਰ-ਕਾਨੂੰਨੀ ਹਥਿਆਰਾਂ ਤੇ ਸੰਗਠਿਤ ਅਪਰਾਧ ਦੇ ਫੈਲਾਅ ‘ਤੇ ਰੋਕਣ ਲਗਾਉਣ ਲਈ ਵਚਨਬੱਧ ਹਨ।