ਹੀਰੇ ਜੈਸਾ ਜਨਮ-ਵਿਚਾਰ ਭਾਈ ਇੰਦਰਜੀਤ ਸਿੰਘ ਜੀ ਗੁਰਾਇਆ ਅਤੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ 23 ਅਕਤੂਬਰ 2025

ਨਿਊਜ਼ ਪੰਜਾਬ 

ਹੀਰੇ ਜੈਸਾ ਜਨਮ-ਵਿਚਾਰ ਭਾਈ ਇੰਦਰਜੀਤ ਸਿੰਘ ਜੀ 

Amrit wele da mukhwakh shri Harmandar sahib amritsar sahib ji, Ang-773,23-October-2025

ਰਾਗੁ ਸੂਹੀ ਮਹਲਾ ੪ ਛੰਤ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਸਤਿਗੁਰੁ ਪੁਰਖੁ ਮਿਲਾਇ ਅਵਗਣ ਵਿਕਣਾ ਗੁਣ ਰਵਾ ਬਲਿ ਰਾਮ ਜੀਉ ॥ ਹਰਿ ਹਰਿ ਨਾਮੁ ਧਿਆਇ ਗੁਰਬਾਣੀ ਨਿਤ ਨਿਤ ਚਵਾ ਬਲਿ ਰਾਮ ਜੀਉ ॥ ਗੁਰਬਾਣੀ ਸਦ ਮੀਠੀ ਲਾਗੀ ਪਾਪ ਵਿਕਾਰ ਗਵਾਇਆ ॥ ਹਉਮੈ ਰੋਗੁ ਗਇਆ ਭਉ ਭਾਗਾ ਸਹਜੇ ਸਹਜਿ ਮਿਲਾਇਆ ॥ ਕਾਇਆ ਸੇਜ ਗੁਰ ਸਬਦਿ ਸੁਖਾਲੀ ਗਿਆਨ ਤਤਿ ਕਰਿ ਭੋਗੋ ॥ ਅਨਦਿਨੁ ਸੁਖਿ ਮਾਣੇ ਨਿਤ ਰਲੀਆ ਨਾਨਕ ਧੁਰਿ ਸੰਜੋਗੋ ॥੧॥ {ਪੰਨਾ 773}

ਪਦਅਰਥ: ਵਿਕਣਾ = ਵੇਚਦਿਆਂ, ਦੂਰ ਕਰਦਿਆਂ। ਰਵਾ = ਰਵਾਂ, ਮੈਂ ਯਾਦ ਕਰਾਂ। ਬਲਿ = ਸਦਕੇ। ਰਾਮ ਜੀਉ = ਹੇ ਰਾਮ ਜੀ! ਚਵਾ = ਚਵਾਂ, ਮੈਂ ਉਚਾਰਦਾ ਰਹਾਂ। ਸਦ = ਸਦਾ। ਸਹਜੇ ਸਹਜਿ = ਸਹਜਿ ਹੀ ਸਹਜਿ, ਸਦਾ ਆਤਮਕ ਅਡੋਲਤਾ ਵਿਚ। ਕਾਇਮ = ਸਰੀਰ। ਸਬਦਿ = ਸ਼ਬਦ ਦੀ ਬਰਕਤਿ ਨਾਲ। ਸੁਖਾਲੀ = ਸੌਖੀ। ਗਿਆਨ = ਆਤਮਕ ਜੀਵਨ ਦੀ ਸੂਝ। ਤਤਿ = ਤੱਤ ਵਿਚ। ਗਿਆਨ ਤਤਿ = ਆਤਮਕ ਜੀਵਨ ਦੀ ਸੂਝ ਦੇ ਮੂਲ = ਪ੍ਰਭੂ ਵਿਚ (ਜੁੜ ਕੇ) । ਕਰਿ = ਕਰੇ, ਕਰਦੀ ਹੈ। ਕਰਿ ਭੋਗੋ = ਮਿਲਾਪ ਦਾ ਸੁਖ ਮਾਣਦੀ ਹੈ। ਅਨਦਿਨੁ = {अनुदिनां} ਹਰ ਰੋਜ਼, ਹਰ ਵੇਲੇ। ਸੁਖਿ = ਸੁਖ ਵਿਚ। ਧੁਰਿ = ਧੁਰ ਦਰਗਾਹ ਤੋਂ। ਸੰਜੋਗੋ = ਮਿਲਾਪ।੧।

ਅਰਥ: ਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ। ਮੈਨੂੰ ਗੁਰੂ-ਪੁਰਖ ਮਿਲਾ (ਜਿਸ ਦੀ ਰਾਹੀਂ) ਮੈਂ (ਤੇਰੇ) ਗੁਣ ਯਾਦ ਕਰਾਂ, ਅਤੇ (ਇਹਨਾਂ ਗੁਣਾਂ ਦੇ ਵੱਟੇ) ਔਗੁਣ ਵੇਚ ਦਿਆਂ (ਦੂਰ ਕਰ ਦਿਆਂ) । ਹੇ ਹਰੀ! ਤੇਰਾ ਨਾਮ ਸਿਮਰ ਸਿਮਰ ਕੇ ਮੈਂ ਸਦਾ ਹੀ ਗੁਰੂ ਦੀ ਬਾਣੀ ਉਚਾਰਾਂ।

ਜਿਸ ਜੀਵ-ਇਸਤ੍ਰੀ ਨੂੰ ਗੁਰੂ ਦੀ ਬਾਣੀ ਸਦਾ ਪਿਆਰੀ ਲੱਗਦੀ ਹੈ, ਉਹ (ਆਪਣੇ ਅੰਦਰੋਂ) ਪਾਪ ਵਿਕਾਰ ਦੂਰ ਕਰ ਲੈਂਦੀ ਹੈ, ਉਸ ਦਾ ਹਉਮੈ ਦਾ ਰੋਗ ਮੁੱਕ ਜਾਂਦਾ ਹੈ, ਹਰੇਕ ਕਿਸਮ ਦਾ ਡਰ-ਸਹਿਮ ਭੱਜ ਜਾਂਦਾ ਹੈ, ਉਹ ਸਦਾ ਸਦਾ ਹੀ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਦੇ ਹਿਰਦੇ ਵਿਚ ਸੇਜ ਸੁਖ ਨਾਲ ਭਰਪੂਰ ਹੋ ਜਾਂਦੀ ਹੈ (ਸੁਖ ਦਾ ਘਰ ਬਣ ਜਾਂਦੀ ਹੈ) , ਆਤਮਕ ਜੀਵਨ ਦੀ ਸੂਝ ਦੇ ਮੂਲ-ਪ੍ਰਭੂ ਵਿਚ ਜੁੜ ਕੇ ਉਹ ਪ੍ਰਭੂ ਦੇ ਮਿਲਾਪ ਦਾ ਸੁਖ ਮਾਣਦੀ ਹੈ। ਹੇ ਨਾਨਕ! ਧੁਰ ਦਰਗਾਹ ਤੋਂ ਜਿਸ ਦੇ ਭਾਗਾਂ ਵਿਚ ਸੰਜੋਗ ਲਿਖਿਆ ਹੁੰਦਾ ਹੈ, ਉਹ ਹਰ ਵੇਲੇ ਆਨੰਦ ਵਿਚ ਟਿਕੀ ਰਹਿ ਕੇ ਸਦਾ (ਪ੍ਰਭੂ-ਮਿਲਾਪ ਦਾ) ਸੁਖ ਮਾਣਦੀ ਹੈ।੧।

ਸਤੁ ਸੰਤੋਖੁ ਕਰਿ ਭਾਉ ਕੁੜਮੁ ਕੁੜਮਾਈ ਆਇਆ ਬਲਿ ਰਾਮ ਜੀਉ ॥ ਸੰਤ ਜਨਾ ਕਰਿ ਮੇਲੁ ਗੁਰਬਾਣੀ ਗਾਵਾਈਆ ਬਲਿ ਰਾਮ ਜੀਉ ॥ ਬਾਣੀ ਗੁਰ ਗਾਈ ਪਰਮ ਗਤਿ ਪਾਈ ਪੰਚ ਮਿਲੇ ਸੋਹਾਇਆ ॥ ਗਇਆ ਕਰੋਧੁ ਮਮਤਾ ਤਨਿ ਨਾਠੀ ਪਾਖੰਡੁ ਭਰਮੁ ਗਵਾਇਆ ॥ ਹਉਮੈ ਪੀਰ ਗਈ ਸੁਖੁ ਪਾਇਆ ਆਰੋਗਤ ਭਏ ਸਰੀਰਾ ॥ ਗੁਰ ਪਰਸਾਦੀ ਬ੍ਰਹਮੁ ਪਛਾਤਾ ਨਾਨਕ ਗੁਣੀ ਗਹੀਰਾ ॥੨॥ {ਪੰਨਾ 773}

ਪਦਅਰਥ: ਸਤੁ = ਦਾਨ, ਸੇਵਾ। ਕਰਿ = ਕਰ, ਪੈਦਾ ਕਰ ਕੇ। ਭਾਉ = ਪ੍ਰੇਮ। ਕੁੜਮੁ = ਜੀਵ = ਇਸਤ੍ਰੀ ਨੂੰ ਪ੍ਰਭੂ = ਪਤੀ ਨਾਲ ਮਿਲਾਣ ਵਾਲਾ ਵਿਚੋਲਾ, ਗੁਰੂ। ਕੁੜਮਾਈ = ਜੀਵ = ਇਸਤ੍ਰੀ ਦਾ ਪ੍ਰਭੂ = ਪਤੀ ਨਾਲ ਮਿਲਾਪ ਕਰਨ ਲਈ। ਕਰਿ ਮੇਲੁ = ਇਕੱਠ ਕਰ ਕੇ, ਸਾਧ = ਸੰਗਤਿ ਇਕੱਤ੍ਰ ਕਰ ਕੇ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਪੰਚ = ਗਿਆਨ = ਇੰਦ੍ਰੇ। ਸੋਹਾਇਆ = (ਹਿਰਦਾ = ਥਾਂ) ਸੋਹਣਾ ਬਣ ਗਿਆ। ਤਨਿ = ਸਰੀਰ ਵਿਚ। ਨਾਠੀ = ਨੱਸ ਗਈ। ਪੀਰ = ਪੀੜ। ਆਰੋਗਤ = ਨਿਰੋਆ, ਅਰੋਗ। ਪਰਸਾਦੀ = ਕਿਰਪਾ ਨਾਲ। ਬ੍ਰਹਮੁ ਪਛਾਤਾ = ਪਰਮਾਤਮਾ ਨਾਲ ਸਾਂਝ ਬਣਾ ਲਈ। ਗੁਣੀ = ਗੁਣਾਂ ਦਾ ਖ਼ਜ਼ਾਨਾ। ਗਹੀਰਾ = ਡੂੰਘੇ ਜਿਗਰੇ ਵਾਲਾ।੨।

ਅਰਥ: ਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ। (ਜਿਸ ਜੀਵ-ਇਸਤ੍ਰੀ ਨੂੰ) ਪ੍ਰਭੂ-ਪਤੀ ਨਾਲ ਮਿਲਾਣ ਵਾਸਤੇ ਵਿਚੋਲਾ-ਗੁਰੂ ਆ ਕੇ ਮਿਲ ਪਿਆ (ਉਸ ਦੇ ਹਿਰਦੇ ਵਿਚ) ਸੇਵਾ ਸੰਤੋਖ ਪ੍ਰੇਮ ਆਦਿਕ ਗੁਣ ਪੈਦਾ ਕਰ ਕੇ, ਸਾਧਸੰਗਤਿ ਦਾ (ਉਸ ਨਾਲ) ਮੇਲ ਕਰ ਕੇ ਗੁਰੂ ਨੇ (ਉਸ ਨੂੰ) ਸਿਫ਼ਤਿ-ਸਾਲਾਹ ਦੀ ਬਾਣੀ ਗਾਵਣ ਦੀ ਪ੍ਰੇਰਨਾ ਕੀਤੀ।

ਜਦੋਂ ਜੀਵ-ਇਸਤ੍ਰੀ ਨੇ ਗੁਰੂ ਦੀ ਉਚਾਰੀ ਹੋਈ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ ਗਾਣੀ ਸ਼ੁਰੂ ਕੀਤੀ, ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈ, ਉਸ ਦੇ ਗਿਆਨ-ਇੰਦ੍ਰੇ (ਵਿਕਾਰਾਂ ਵਲ ਦੌੜਨ ਦੇ ਥਾਂ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਿਚ) ਮਿਲ ਬੈਠੇ, ਤੇ ਸੋਹਣੇ ਲੱਗਣ ਲੱਗ ਪਏ। ਉਸ ਦੇ ਅੰਦਰੋਂ ਕ੍ਰੋਧ ਦੂਰ ਹੋ ਗਿਆ, ਉਸ ਦੇ ਸਰੀਰ ਵਿਚ ਵੱਸਦੀ ਮਮਤਾ ਨੱਸ ਗਈ, ਉਸ ਦਾ ਪਖੰਡ ਦੂਰ ਹੋ ਗਿਆ, ਭਟਕਣਾ ਦੂਰ ਹੋ ਗਈ। (ਉਸ ਦੇ ਅੰਦਰੋਂ) ਹਉਮੈ ਦੀ ਪੀੜ ਚਲੀ ਗਈ, ਉਸ ਦਾ ਸਾਰਾ ਸਰੀਰ ਨਿਰੋਆ ਹੋ ਗਿਆ, ਤੇ ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਗਿਆ। ਹੇ ਨਾਨਕ! ਗੁਰੂ ਦੀ ਕਿਰਪਾ ਨਾਲ ਉਸ ਜੀਵ-ਇਸਤ੍ਰੀ ਨੇ ਗੁਣਾਂ ਦੇ ਮਾਲਕ ਡੂੰਘੇ ਜਿਗਰੇ ਵਾਲੇ ਪਰਮਾਤਮਾ ਨਾਲ ਸਾਂਝ ਪਾ ਲਈ।੨।

ਮਨਮੁਖਿ ਵਿਛੁੜੀ ਦੂਰਿ ਮਹਲੁ ਨ ਪਾਏ ਬਲਿ ਗਈ ਬਲਿ ਰਾਮ ਜੀਉ ॥ ਅੰਤਰਿ ਮਮਤਾ ਕੂਰਿ ਕੂੜੁ ਵਿਹਾਝੇ ਕੂੜਿ ਲਈ ਬਲਿ ਰਾਮ ਜੀਉ ॥ ਕੂੜੁ ਕਪਟੁ ਕਮਾਵੈ ਮਹਾ ਦੁਖੁ ਪਾਵੈ ਵਿਣੁ ਸਤਿਗੁਰ ਮਗੁ ਨ ਪਾਇਆ ॥ ਉਝੜ ਪੰਥਿ ਭ੍ਰਮੈ ਗਾਵਾਰੀ ਖਿਨੁ ਖਿਨੁ ਧਕੇ ਖਾਇਆ ॥ ਆਪੇ ਦਇਆ ਕਰੇ ਪ੍ਰਭੁ ਦਾਤਾ ਸਤਿਗੁਰੁ ਪੁਰਖੁ ਮਿਲਾਏ ॥ ਜਨਮ ਜਨਮ ਕੇ ਵਿਛੁੜੇ ਜਨ ਮੇਲੇ ਨਾਨਕ ਸਹਜਿ ਸੁਭਾਏ ॥੩॥ {ਪੰਨਾ 773}

ਪਦਅਰਥ: ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ = ਇਸਤ੍ਰੀ। ਮਹਲੁ = ਪ੍ਰਭੂ ਦੀ ਹਜ਼ੂਰੀ। ਬਲਿ ਗਈ = (ਤ੍ਰਿਸ਼ਨਾ ਦੀ ਅੱਗ ਵਿਚ) ਸੜ ਜਾਂਦੀ ਹੈ। ਕੂਰਿ ਮਮਤਾ = ਕੂੜੀ ਮਮਤਾ। ਵਿਹਾਝੇ = ਵਣਜਦੀ ਹੈ, ਖ਼ਰੀਦਦੀ ਹੈ। ਕੂੜਿ ਲਈ = ਕੂੜ ਨੇ ਉਸ ਨੂੰ ਗ੍ਰਸ ਲਿਆ ਹੈ। ਕਪਟੁ = ਠੱਗੀ। ਮਗੁ = (ਸਹੀ ਜੀਵਨ ਦਾ) ਰਸਤਾ। ਉਝੜ ਪੰਥਿ = ਉਜਾੜ ਦੇ ਰਸਤੇ ਉਤੇ। ਭ੍ਰਮੈ = ਭਟਕਦੀ ਫਿਰਦੀ ਹੈ। ਗਾਵਾਰੀ = ਮੂਰਖ ਜੀਵ = ਇਸਤ੍ਰੀ। ਆਪੇ = ਆਪ ਹੀ। ਸਤਿਗੁਰੁ ਪੁਰਖੁ = ਸਮਰੱਥ ਗੁਰੂ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪ੍ਰੇਮ ਵਿਚ।੩।

ਅਰਥ: ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲੋਂ ਵਿਛੁੜੀ ਰਹਿੰਦੀ ਹੈ, (ਉਸ ਦੇ ਚਰਨਾਂ ਤੋਂ) ਦੂਰ ਰਹਿੰਦੀ ਹੈ, ਉਸ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦੀ, (ਤ੍ਰਿਸ਼ਨਾ ਦੀ ਅੱਗ ਵਿਚ) ਸੜੀ ਰਹਿੰਦੀ ਹੈ। ਉਸ ਦੇ ਅੰਦਰ ਝੂਠੀ ਮਮਤਾ ਬਣੀ ਰਹਿੰਦੀ ਹੈ, ਉਹ ਸਦਾ ਨਾਸਵੰਤ ਮਾਇਆ ਹੀ ਇਕੱਠੀ ਕਰਦੀ ਹੈ, ਮਾਇਆ ਉਸ ਨੂੰ ਸਦਾ ਗ੍ਰਸੀ ਰੱਖਦੀ ਹੈ। ਉਹ ਜੀਵ-ਇਸਤ੍ਰੀ (ਮਾਇਆ ਦੀ ਖ਼ਾਤਰ ਸਦਾ) ਝੂਠ ਠੱਗੀ (ਆਦਿਕ ਦੀ) ਕਾਰ ਕਰਦੀ ਹੈ, ਬੜਾ ਦੁੱਖ ਸਹਾਰਦੀ ਰਹਿੰਦੀ ਹੈ, ਗੁਰੂ ਦੀ ਸਰਨ ਪੈਣ ਤੋਂ ਬਿਨਾ ਉਸ ਨੂੰ (ਜ਼ਿੰਦਗੀ ਦਾ ਸਹੀ) ਰਸਤਾ ਨਹੀਂ ਲੱਭਦਾ। ਉਹ ਮੂਰਖ ਜੀਵ-ਇਸਤ੍ਰੀ ਉਜਾੜ ਦੇ ਰਸਤੇ ਵਿਚ (ਜਿਥੇ ਕਾਮਾਦਿਕ ਲੁਟੇਰੇ ਲੁੱਟ ਲੈਂਦੇ ਹਨ) ਭਟਕਦੀ ਫਿਰਦੀ ਹੈ, ਤੇ ਹਰ ਵੇਲੇ ਧੱਕੇ ਖਾਂਦੀ ਹੈ।

ਹੇ ਨਾਨਕ! ਜਿਨ੍ਹਾਂ ਮਨੁੱਖਾਂ ਉਤੇ ਦਾਤਾਰ ਪ੍ਰਭੂ ਆਪ ਹੀ ਦਇਆ ਕਰਦਾ ਹੈ, ਉਹਨਾਂ ਨੂੰ ਸਮਰੱਥ ਗੁਰੂ ਮਿਲਾ ਦੇਂਦਾ ਹੈ, ਗੁਰੂ ਉਹਨਾਂ ਅਨੇਕਾਂ ਜਨਮਾਂ ਦੇ ਵਿਛੁੜੇ ਹੋਇਆਂ ਨੂੰ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਟਿਕਾ ਕੇ ਪ੍ਰਭੂ ਨਾਲ ਮਿਲਾ ਦੇਂਦਾ ਹੈ।੩।

ਆਇਆ ਲਗਨੁ ਗਣਾਇ ਹਿਰਦੈ ਧਨ ਓਮਾਹੀਆ ਬਲਿ ਰਾਮ ਜੀਉ ॥ ਪੰਡਿਤ ਪਾਧੇ ਆਣਿ ਪਤੀ ਬਹਿ ਵਾਚਾਈਆ ਬਲਿ ਰਾਮ ਜੀਉ ॥ ਪਤੀ ਵਾਚਾਈ ਮਨਿ ਵਜੀ ਵਧਾਈ ਜਬ ਸਾਜਨ ਸੁਣੇ ਘਰਿ ਆਏ ॥ ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤੁ ਦਿਵਾਏ ॥ ਵਰੁ ਪਾਇਆ ਪੁਰਖੁ ਅਗੰਮੁ ਅਗੋਚਰੁ ਸਦ ਨਵਤਨੁ ਬਾਲ ਸਖਾਈ ॥ ਨਾਨਕ ਕਿਰਪਾ ਕਰਿ ਕੈ ਮੇਲੇ ਵਿਛੁੜਿ ਕਦੇ ਨ ਜਾਈ ॥੪॥੧॥ {ਪੰਨਾ 773}

ਪਦਅਰਥ: ਲਗਨੁ ਗਣਾਇ = ਸਾਹਾ ਸੁਧਾ ਕੇ, ਮੁਹੂਰਤ ਕਢਾ ਕੇ। ਹਿਰਦੈ = ਹਿਰਦੇ ਵਿਚ। ਧਨ = ਜੀਵ = ਇਸਤ੍ਰੀ। ਓਮਾਹੀਆ = ਚਾਉ ਨਾਲ ਭਰ ਜਾਂਦੀ ਹੈ। ਆਣਿ = ਲਿਆ ਕੇ। ਪਤੀ = ਪੱਤ੍ਰੀ। ਬਹਿ = ਬੈਠ ਕੇ। ਵਾਚਾਈਆ = ਪੜ੍ਹਾਈ, ਸੋਧੀ, ਮੁਹੂਰਤ ਸੋਧਿਆ। ਮਨਿ = ਮਨ ਵਿਚ। ਵਜੀ ਵਧਾਈ = ਖ਼ੁਸ਼ੀ ਪੈਦਾ ਹੋਈ। ਘਰਿ = ਘਰ ਵਿਚ, ਹਿਰਦੇ = ਘਰ ਵਿਚ। ਮਤਾ ਪਕਾਇਆ = ਸਲਾਹ ਕੀਤੀ। ਫੇਰੇ = ਲਾਵਾਂ। ਤਤੁ = ਤੁਰਤ। ਅਗੰਮੁ = ਅਪਹੁੰਚ। ਅਗੋਚਰੁ = ਜਿਸ ਤਕ ਗਿਆਨ = ਇੰਦ੍ਰਿਆਂ ਦੀ ਪਹੁੰਚ ਨਾਹ ਹੋ ਸਕੇ {ਅ = ਗੋ = ਚਰੁ। ਗੋ = ਗਿਆਨ = ਇੰਦ੍ਰੇ}। ਸਦ = ਸਦਾ। ਨਵਤਨੁ = ਨਵਾਂ। ਬਾਲ ਸਖਾਈ = ਬਚਪਨ ਤੋਂ ਹੀ ਮਿੱਤਰ।੪।

ਅਰਥ: (ਜਿਵੇਂ ਜਦੋਂ ਲਾੜਾ) ਮੁਹੂਰਤ ਕਢਾ ਕੇ (ਜੰਞ ਲੈ ਕੇ) ਆਉਂਦਾ ਹੈ (ਤਾਂ,) ਇਸਤ੍ਰੀ ਆਪਣੇ ਹਿਰਦੇ ਵਿਚ ਖ਼ੁਸ਼ ਹੁੰਦੀ ਹੈ, ਪਾਂਧੇ ਪੰਡਿਤ ਪੱਤ੍ਰੀ ਲਿਆ ਕੇ ਬੈਠ ਕੇ (ਫੇਰੇ ਦੇਣ ਦਾ ਵੇਲਾ) ਵਿਚਾਰਦੇ ਹਨ। (ਪਾਂਧੇ ਪੰਡਿਤ) ਪੱਤ੍ਰੀ ਵਿਚਾਰਦੇ ਹਨ (ਉਧਰ) ਜਦੋਂ (ਵਿਆਹ ਵਾਲੀ ਕੰਨਿਆ) ਸੱਜਣ ਘਰ ਵਿਚ ਆਏ ਸੁਣਦੀ ਹੈ, ਤਾਂ ਉਸ ਦੇ ਮਨ ਵਿਚ ਖ਼ੁਸ਼ੀ ਦੀ ਲਹਿਰ ਚੱਲ ਪੈਂਦੀ ਹੈ, ਗੁਣਵਾਨ ਬੈਠ ਕੇ ਫ਼ੈਸਲਾ ਕਰਦੇ ਹਨ, ਤੇ, ਤੁਰਤ ਫੇਰੇ ਦੇ ਦੇਂਦੇ ਹਨ (ਤਿਵੇਂ, ਗੁਰੂ ਦੀ ਕਿਰਪਾ ਨਾਲ ਪ੍ਰਭੂ ਜੀਵ-ਇਸਤ੍ਰੀ ਦੇ ਅੰਦਰ ਪਰਗਟ ਹੁੰਦਾ ਹੈ, ਜੀਵ-ਇਸਤ੍ਰੀ ਦੇ ਹਿਰਦੇ ਵਿਚ ਆਤਮਕ ਆਨੰਦ ਦੀ ਲਹਿਰ ਚੱਲ ਪੈਂਦੀ ਹੈ। ਗੁਰਮੁਖ ਬਾਣੀ ਦੇ ਰਸੀਏ ਸਾਧ ਸੰਗਤਿ ਵਿਚ ਮਿਲ ਕੇ ਗੁਰੂ ਦੀ ਬਾਣੀ ਪੜ੍ਹਦੇ ਵਿਚਾਰਦੇ ਹਨ। ਜਿਉਂ ਜਿਉਂ ਗੁਰਬਾਣੀ ਵਿਚਾਰਦੇ ਹਨ, ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਸੱਜਣ-ਪ੍ਰਭੂ ਦਾ ਪਰਕਾਸ਼ ਹੁੰਦਾ ਹੈ, ਉਸ ਦੇ ਮਨ ਵਿਚ ਆਨੰਦ ਦੇ, ਮਾਨੋ, ਵਾਜੇ ਵੱਜਦੇ ਹਨ। ਗੁਰਮੁਖ ਸਤਸੰਗੀ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਕਰਾ ਦੇਂਦੇ ਹਨ) ।

ਹੇ ਨਾਨਕ! ਜੀਵ-ਇਸਤ੍ਰੀ ਨੂੰ ਖਸਮ-ਪ੍ਰਭੂ ਮਿਲ ਪੈਂਦਾ ਹੈ ਜੋ (ਸਾਧਾਰਨ ਉੱਦਮ ਨਾਲ) ਅਪਹੁੰਚ ਹੈ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਜੋ ਸਦਾ ਨਵੇਂ ਪਿਆਰ ਵਾਲਾ ਹੈ, ਜੋ ਬਚਪਨ ਤੋਂ ਹੀ ਮਿੱਤਰ ਚਲਾ ਆਉਂਦਾ ਹੈ। ਜਿਸ ਜੀਵ-ਇਸਤ੍ਰੀ ਨੂੰ ਉਹ ਪ੍ਰਭੂ ਕਿਰਪਾ ਕਰ ਕੇ ਆਪਣੇ ਨਾਲ ਮਿਲਾਂਦਾ ਹੈ, ਉਹ ਮੁੜ ਕਦੇ ਉਸ ਤੋਂ ਨਹੀਂ ਵਿਛੁੜਦੀ।੪।੧।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ ਜੀ!!