ਗੁਰਦੀਸ਼ ਕੌਰ ਗਰੇਵਾਲ
ਕੈਲਗਰੀ: 19 ਅਕਤੂਬਰ 2025 ਨੂੰ ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਜੈਨੇਸਸ ਸੈਂਟਰ ਵਿਖੇ ਭਰਵੀਂ ਹਾਜ਼ਰੀ ਵਿੱਚ ਹੋਈ।ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਸ੍ਰੀਮਤੀ ਬਲਵਿੰਦਰ ਕੌਰ ਬਰਾੜ ਨੇ ਹਾਲ ਵਿੱਚ ਹਾਜ਼ਰ ਮੈਬਰਾਂ ਨੂੰ ਜੀ ਆਇਆਂ ਆਖਿਆ ਅਤੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਪਰੰਤ ਸਭਾ ਦੇ ਕੋਆਰਡੀਨੇਟਰ ਸ੍ਰੀਮਤੀ ਗੁਰਚਰਨ ਕੌਰ ਥਿੰਦ ਨੇ ਪੂਰੇ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕੀਤੀ। 07 ਅਕਤੂਬਰ ਨੂੰ ਚੈਸਟਮੈਅਰ ਪਿਕਨਿਕ ਮਨਾਉਣ ਗਈਆਂ ਭੈਣਾਂ ਨੇ ਮਨਿੰਦਰ ਕੌਰ ਚਾਨੇ ਅਤੇ ਤਮੰਨਾ ਜੀ ਦੀ ਅਗਵਾਈ ਵਿੱਚ, ਵਰਕਸ਼ਾਪ ਲਾਕੇ ਦੀਵੇ ਤਿਆਰ ਕੀਤੇ ਸਨ, ਜੋ ਅੱਜ ਸਟੇਜ ਤੇ ਸੁਸ਼ੋਭਿਤ ਕੀਤੇ ਗਏ। ਫੂਡ ਕਮੇਟੀ ਵਾਲੀਆਂ ਭੈਣਾਂ ਨੇ ਥਾਲ ਵਿਚ ਦੀਵੇ ਸਜਾ ਕੇ ‘ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ’ ਸ਼ਬਦ ਗਾ ਕੇ ਸਮਾਗਮ ਦੀ ਆਰੰਭਤਾ ਕੀਤੀ।
ABC Non Profit organisation ਵਲੋਂ ਅਮਨਪ੍ਰੀਤ ਕੌਰ ਨੇ ਬੈਂਕ ਸੇਵਾਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਵੀਰਪਾਲ ਕੌਰ ਨੇ YYC Home Care Services ਬਾਰੇ ਜਾਣੂ ਕਰਾਇਆ।ਸ੍ਰ. ਬਚਿੱਤਰ ਸਿੰਘ ਨੇ ਐਨ ਆਰ ਆਈ ਦੇ ਮਸਲੇ ਹੱਲ ਕਰਵਾਉਣ ਲਈ ਅਪਣਾ ਨੁਮਾਇੰਦਾ ਚੁਣਨ ਲਈ ਵੋਟਾਂ ਬਾਰੇ ਜਾਣਕਾਰੀ ਦਿੱਤੀ। ਜਗਦੇਵ ਸਿੰਘ ਸਿੱਧੂ ਨੇ ਕੈਨੇਡਾ ਦੇ ਮੂਲ ਨਿਵਾਸੀਆਂ ਦੀ ਕੀਤੀ ਗਈ ਨਸਲਕੁਸ਼ੀ ਬਾਰੇ ਦੱਸਿਆ ਅਤੇ ਪੰਜਾਬੀਆਂ ਨੂੰ ਇਸ ਤੋਂ ਸਬਕ ਸਿੱਖਣ ਲਈ ਪ੍ਰੇਰਿਆ। ਐਮ. ਐਲ. ਏ. ਇਰਫਾਨ ਸਬੀਰ ਅਤੇ ਗੁਰਿੰਦਰ ਸਿੰਘ ਬਰਾੜ ਨੇ ਵੀ ਹਾਜ਼ਰ ਹੋ ਕੇ ਸਮਾਗਮ ਦੀ ਸ਼ੋਭਾ ਵਧਾਈ।
ਗੁਰਦੀਸ਼ ਕੌਰ ਗਰੇਵਾਲ ਨੇ ਸੀਨੀਅਰਜ਼ ਦੀ ਚੜ੍ਹਦੀ ਕਲਾ ਬਾਰੇ ਲਿਖਿਆ ਗੀਤ ਸਾਂਝਾ ਕੀਤਾ। ਇਸ ਤੋਂ ਬਾਅਦ ਕੁਲਦੀਪ ਕੌਰ ਘਟੌੜਾ, ਸੁਰਜੀਤ ਧੁੰਨਾ ਅਤੇ ਮੁਖਤਿਆਰ ਕੌਰ ਜੀ ਨੇ ਵਣਜਾਰਨ, ਮਾਲਣ ਅਤੇ ਗੱਡੀਆਂ ਵਾਲੀ ਬਣ ਕੇ, ਅਲੋਪ ਹੋ ਚੁੱਕੇ ਸਭਿਆਚਾਰ ਦੀਆਂ ਝਲਕੀਆਂ ਪੇਸ਼ ਕੀਤੀਆਂ। ਰਣਜੀਤ ਕੌਰ ਲੰਮੇ ਨੇ ਗੀਤ ਗਾਇਆ। ਸਭਾ ਦੇ ਸਾਊਥ ਵਿੰਗ ਵਾਲੀਆਂ ਭੈਣਾਂ ਤਮੰਨਾ, ਪ੍ਰੋਮਿਲਾ, ਸੁਰਜੀਤ ਢਿਲੋਂ ਅਤੇ ਸਾਥਣਾਂ ਨੇ ਮੌਡਰਨ ਟੱਪੇ ਗਾਏ ਅਤੇ ਕਮੇਡੀ ਸਕਿੱਟ ਪੇਸ਼ ਕਰ ਕੇ ਸਰੋਤਿਆਂ ਦਾ ਮਨੋਰੰਜਨ ਕੀਤਾ। ਸਰਬਜੀਤ ਉਪੱਲ ਦੇ ਡਾਂਸ ਨੇ ਸਾਰਿਆਂ ਨੂੰ ਝੂੰਮਣ ਲਾ ਦਿੱਤਾ। ਗੁਰਨਾਮ ਕੌਰ ਅਤੇ ਗੁਰਜੀਤ ਕੌਰ ਬਵੇਜਾ ਨੇ ਖੁੱਲ੍ਹ ਰਹੇ ਬਿਰਧ ਆਸ਼ਰਮਾਂ ਵਿੱਚ ਬਜ਼ੁਰਗਾਂ ਦੀ ਹਾਲਤ ਬਾਰੇ ਸਕਿੱਟ ਪੇਸ਼ ਕਰਕੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ। ਡਾਕਟਰ ਕੰਵਰ ਨੇ ਵਧਾਈ ਦਿੱਤੀ ਜਦ ਕਿ ਹਰਜਿੰਦਰ ਕੌਰ ਬਦੇਸ਼ਾ ਨੇ ਲੋਕ ਗੀਤ ਅਤੇ ਨਰਿੰਦਰ ਗਿੱਲ ਨੇ ਇਕ ਬੋਲੀ ਪਾ ਕੇ ਹਾਜ਼ਰੀ ਲਵਾਈ। ਅਖੀਰ ਵਿੱਚ ਜੁਗਿੰਦਰ ਪੁਰਬਾ, ਸੁਰਿੰਦਰ ਸੰਧੂ, ਜਸਮਿੰਦਰ ਬਰਾੜ, ਅਮਰਜੀਤ ਗਰੇਵਾਲ, ਬਲਵੀਰ ਗਰੇਵਾਲ, ਅਮਰਜੀਤ ਵਿਰਦੀ, ਬਲਬੀਰ ਹਜੂਰੀਆ, ਸੁਰਜੀਤ ਢਿਲੋਂ, ਜਸਵੀਰ ਮਾਨ, ਅਵਤਾਰ ਕੌਰ ਅਤੇ ਛਿੰਦਰ ਦਿਓਲ ਭੈਣਾਂ ਨੇ ਗਿੱਧੇ ਦੀਆਂ ਧਮਾਲਾਂ ਪਾ ਕੇ ਸਾਰਿਆਂ ਨੂੰ ਨੱਚਣ ਲਾ ਦਿੱਤਾ।
ਸਭਾ ਦੇ ਕੋਆਰਡੀਨੇਟਰ ਸ੍ਰੀਮਤੀ ਗੁਰਚਰਨ ਕੌਰ ਥਿੰਦ ਅਤੇ ਗੁਰਨਾਮ ਕੌਰ ਨੇ ਮੰਚ ਸੰਚਾਲਨ ਕਰਦਿਆਂ, ਸਾਰੇ ਪ੍ਰੋਗਰਾਮ ਨੂੰ ਬਹੁਤ ਹੀ ਸੂਝ ਬੂਝ ਨਾਲ ਨੇਪਰੇ ਚਾੜ੍ਹਿਆ।
ਫੂਡ ਕਮੇਟੀ ਵਾਲੀਆਂ ਭੈਣਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਵਧੀਆ ਦੀਵੇ ਸਜਾਉਣ ਵਾਲੀਆਂ ਭੈਣਾਂ ਨੂੰ ਤੋਹਫੇ ਵੰਡੇ ਗਏ। ਚਾਹ ਅਤੇ ਲੰਗਰ ਦਾ ਪ੍ਰਬੰਧ ਬਹੁਤ ਵਧੀਆ ਕੀਤਾ ਹੋਇਆ ਸੀ।
*ਰਿਪੋਰਟ ਕਰਤਾ* *ਗੁਰਨਾਮ ਕੌਰ ਸਕੱਤਰ*
