Gas Chamber : 76,590 ਪਰਾਲੀ ਸਾੜਨ ਦੀਆਂ ਘਟਨਾਵਾਂ ਘੱਟ ਕੇ 308 ਤੇ ਸੀਮਤ – ਪਰ ‘ ਦਿੱਲੀ ‘ ਨਹੀਂ ਸੁੱਧਰੀ – ਦਿੱਲੀ ਦੀ ਵਿਗੜੀ ਹਵਾ ਲਈ ਪੰਜਾਬ ਜਵਾਬ ਮੰਗਦਾ – ਪੜ੍ਹੋ ਹਵਾ ਦੀ ਖਤਰਨਾਕ ਸਥਿਤੀ

ਨਿਊਜ਼ ਪੰਜਾਬ

ਲੁਧਿਆਣਾ, 21 ਅਕਤੂਬਰ – ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਗਿਣਤੀ ਪਿਛਲੇ 6 ਸਾਲਾਂ 2020 ਵਿੱਚ 76,590 ਅੱਗ ਲੱਗਣ ਦੀਆਂ ਘਟਨਾਵਾਂ ਘੱਟ ਕੇ 2025 ਵਿੱਚ ਸਿਰਫ਼ 308 ਘਟਨਾਵਾਂ ਤੇ ਸੀਮਤ ਹੋ ਗਈ ਹੈ ਪਰ ਦਿੱਲੀ ਦੀ ‘ ਹਵਾ ‘ ਹਾਲੇ ਵੀ ਨਹੀਂ ਸੁਧਰੀ

15 ਸਤੰਬਰ ਤੋਂ 19 ਅਕਤੂਬਰ ਦੇ ਵਿਚਕਾਰ ਰਿਪੋਰਟ ਕੀਤੇ ਗਏ ਮਾਮਲਿਆਂ ਵਿੱਚ, ਕਿਸਾਨਾਂ ਤੇ 147 ਐਫਆਈਆਰ ਦਰਜ ਕੀਤੀਆਂ ਗਈਆਂ ਅਤੇ 6.5 ਲੱਖ ਰੁਪਏ ਤੋਂ ਵੱਧ ਦੇ ਜੁਰਮਾਨੇ ਲਗਾਏ ਗਏ।

ਦੀਵਾਲੀ ਦੀ ਰਾਤ ਨੂੰ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਖ਼ਤਰਨਾਕ ਪੱਧਰ ‘ਤੇ ਪਹੁੰਚ ਗਈ।ਅੱਜ ਦੀ ਸੂਚਨਾ ਅਨੁਸਾਰ ਆਤਿਸ਼ਬਾਜ਼ੀਆਂ ਅਤੇ ਵਧਦੇ ਪ੍ਰਦੂਸ਼ਣ ਦੇ ਪੱਧਰ ਕਾਰਨ, ਲੰਘੀ ਰਾਤ ​​8 ਵਜੇ ਤੋਂ ਹਵਾ ਦੀ ਗੁਣਵੱਤਾ ਵਿਗੜਨੀ ਸ਼ੁਰੂ ਹੋ ਗਈ ਅਤੇ ਅੱਧੀ ਰਾਤ 12 ਵਜੇ ਤੱਕ ਗੰਭੀਰ ਸ਼੍ਰੇਣੀ ਵਿੱਚ ਪਹੁੰਚ ਗਈ। ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਰੋਪੜ ਵਿੱਚ ਵੱਧ ਤੋਂ ਵੱਧ ਏਅਰ ਕੁਆਲਿਟੀ ਇੰਡੈਕਸ (AQI) 500 ਦਰਜ ਕੀਤਾ ਗਿਆ, ਜਦੋਂ ਕਿ ਪਟਿਆਲਾ ਦਾ AQI 486 ਤੱਕ ਪਹੁੰਚ ਗਿਆ। ਮੰਡੀ ਗੋਬਿੰਦਗੜ੍ਹ ਵਿੱਚ 401 ਅਤੇ ਖੰਨਾ ਵਿੱਚ 272 ਦਰਜ ਕੀਤਾ ਗਿਆ।

ਦਿੱਲੀ-ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ਖ਼ਤਰਨਾਕ ਪੱਧਰ ‘ਤੇ ਪਹੁੰਚ ਗਿਆ ਹੈ। ਪੂਰੀ ਦਿੱਲੀ ਲਈ ਔਸਤ ਹਵਾ ਗੁਣਵੱਤਾ ਸੂਚਕਾਂਕ (AQI) 531 ਦਰਜ ਕੀਤਾ ਗਿਆ ਹੈ। ਨਰੇਲਾ ਖੇਤਰ ਵਿੱਚ AQI 551 ਦਰਜ ਕੀਤਾ ਗਿਆ।

ਤਰਨਤਾਰਨ ਜ਼ਿਲ੍ਹੇ ਵਿੱਚ ਹੁਣ ਤੱਕ ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 113 ਮਾਮਲੇ ਹਨ, ਇਸ ਤੋਂ ਬਾਅਦ ਅੰਮ੍ਰਿਤਸਰ ਵਿੱਚ 104 ਮਾਮਲੇ ਹਨ। ਰਾਜ ਦੇ ਹੋਰ ਜ਼ਿਲ੍ਹਿਆਂ ਵਿੱਚ, ਫਿਰੋਜ਼ਪੁਰ ਵਿੱਚ 16, ਪਟਿਆਲਾ ਵਿੱਚ 15 ਅਤੇ ਗੁਰਦਾਸਪੁਰ ਵਿੱਚ ਸੱਤ ਮਾਮਲੇ ਸਾਹਮਣੇ ਆਏ ।

ਦਿੱਲੀ-ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ਵਿੱਚ ਵਾਧੇ ਲਈ ਅਕਸਰ ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਸਾੜਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ।

ਪਰਾਲੀ ਸਾੜਨ ਦੇ ਮਾਮਲੇ

2020 ਵਿੱਚ ਪਰਾਲੀ ਸਾੜਨ ਦੀਆਂ 76,590 ਘਟਨਾਵਾਂ ਵਾਪਰੀਆਂ ਇਸ ਤੋਂ ਬਾਅਦ ਰਾਸ਼ਟਰ ਪੱਧਰ ਤੇ ਵਿਰੋਧ ਹੋਣ ਅਤੇ ਦਿੱਲੀ-ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ਵਿੱਚ ਵਾਧੇ ਲਈ ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਸਾੜਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਣ ਲੱਗਾ ਜਿਸ ਤੇ ਮਾਮਲੇ ਉੱਚ ਅਦਾਲਤਾਂ ਵਿੱਚ ਗਏ । ਸਰਕਾਰਾਂ ਅਤੇ ਕਿਸਾਨਾਂ ਵਿੱਚ ਜਾਗ੍ਰਿਤੀ ਆਉਣ ਤੋਂ ਬਾਅਦ ਅੱਗ ਦੀਆਂ ਘਟਨਾਵਾਂ 2021 ਵਿੱਚ 71,304, 2022 ਵਿੱਚ ਪਰਾਲੀ ਸਾੜਨ ਦੀਆਂ 49,922, ਜਦੋਂ ਕਿ 2023 ਵਿੱਚ 36,663 ਅਤੇ 2024 ਵਿੱਚ 10,909 ਪਰਾਲੀ ਸਾੜਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਪਰ ਇਸ ਸਾਲ ਤੱਕ ਹੁਣ ਇਹ ਗਿਣਤੀ ਘੱਟ ਕੇ 308 ਤੱਕ ਪੁੱਜੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਤੇ 147 ਐਫਆਈਆਰ ਦਰਜ ਕੀਤੀਆਂ ਗਈਆਂ ਅਤੇ 6.5 ਲੱਖ ਰੁਪਏ ਤੋਂ ਵੱਧ ਦੇ ਜੁਰਮਾਨੇ ਲਗਾਏ ਗਏ।

ਪਰ ਹੈਰਾਨੀਜਨਕ ਤੱਥ ਇਹ ਹੈ ਕਿ ਪੰਜਾਬ ਦੀਆਂ ਨਾ-ਮਾਤਰ ਘਟਨਾਵਾਂ ਦੇ ਬਾਵਜੂਦ ਦਿੱਲੀ-ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ਵਿੱਚ ਵੱਡਾ ਵਾਧਾ ਹੋਇਆ ਹੈ, ਪੰਜਾਬ ਨੂੰ ਦੋਸ਼ੀ ਕਹਿਣ ਵਾਲੇ ਹੁਣ ਹਵਾ ਪ੍ਰਦੂਸ਼ਣ ਦਾ ਕਾਰਨ ਨਹੀਂ ਦੱਸ ਰਹੇ

ਇਸ ਦੌਰਾਨ ਅੱਜ ਦਿੱਲੀ ਧੂੰਏਂ ਨਾਲ ਢੱਕੀ ਹੋਈ ਹੈ : ਰੈੱਡ ਜ਼ੋਨ ਵਿੱਚ 36 AQI ਖੇਤਰ ਸ਼ਾਮਲ ਹਨ , ਕਈ ਖੇਤਰਾਂ ਵਿੱਚ 531 AQI ਨੂੰ ਪਾਰ ਕਰ ਗਏ ਹਨ, ਸੁਪਰੀਮ ਕੋਰਟ ਵੱਲੋਂ ਸਿਰਫ਼ ਗ੍ਰੀਨ ਵਰਗ ਦੇ ਪਟਾਕੇ ਚਲਾਉਣ ਦੀ ਇਜ਼ਾਜ਼ਤ ਸੀ, ਪਿਛਲੇ ਕਈ ਦਿਨਾਂ ਤੋਂ ਦਿੱਲੀ ਦੀ ਹਵਾ ਵਿੱਚ ਪ੍ਰਦੂਸ਼ਣ ਪੰਜਾਬ ਦੀ ਅੱਗ ਤੋਂ ਬਿਨਾਂ ਹੀ ਬੜੀ ਤੇਜ਼ੀ ਨਾਲ ਵੱਧ ਰਿਹਾ ਸੀ ਪਰ ਭਾਰੀ ਆਤਿਸ਼ਬਾਜ਼ੀ ਕਾਰਨ ਦੀਵਾਲੀ ਦੀ ਰਾਤ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਬੁਰੀ ਤਰ੍ਹਾਂ ਵਿਗੜ ਗਈ। 38 ਵਿੱਚੋਂ 36 AQI ਸਟੇਸ਼ਨ ਰੈੱਡ ਜ਼ੋਨ ਵਿੱਚ ਆ ਗਏ। ਚਾਰ ਥਾਵਾਂ ‘ਤੇ, AQI 400 ਨੂੰ ਪਾਰ ਕਰ ਗਿਆ, ਜੋ ਕਿ ਗੰਭੀਰ ਸ਼੍ਰੇਣੀ ਵਿੱਚ ਆ ਗਿਆ। ਸੋਮਵਾਰ ਨੂੰ ਔਸਤ AQI 345 ਸੀ, ਜੋ ਐਤਵਾਰ ਨਾਲੋਂ ਵੱਧ ਸੀ।

ਦਿੱਲੀ ਦਾ 24-ਘੰਟੇ ਦਾ ਔਸਤ AQI, ਜੋ ਹਰ ਰੋਜ਼ ਸ਼ਾਮ 4 ਵਜੇ ਰਿਪੋਰਟ ਕੀਤਾ ਜਾਂਦਾ ਹੈ, ਸੋਮਵਾਰ ਨੂੰ 345 ਸੀ, ਜੋ ਐਤਵਾਰ ਦੇ 326 ਤੋਂ ਵੱਧ ਸੀ। ਦੁਪਹਿਰ ਤੱਕ, 38 ਸਟੇਸ਼ਨਾਂ ਵਿੱਚੋਂ 31 ਵਿੱਚ ‘ਬਹੁਤ ਮਾੜੀ’ ਹਵਾ ਗੁਣਵੱਤਾ ਦਰਜ ਕੀਤੀ ਗਈ ਅਤੇ ਤਿੰਨ ਵਿੱਚ ‘ਗੰਭੀਰ’ ਹਵਾ ਗੁਣਵੱਤਾ ਦਰਜ ਕੀਤੀ ਗਈ।

ਹਾਲਾਤ ਹੋਰ ਵਿਗੜਨ ਦੀ ਸੰਭਾਵਨਾ ਹੈ

ਮੰਗਲਵਾਰ ਅਤੇ ਬੁੱਧਵਾਰ ਨੂੰ ਹਵਾ ਗੁਣਵੱਤਾ ਹੋਰ ਵਿਗੜਨ ਦੀ ਉਮੀਦ ਹੈ, ਜੋ ਵਿਆਪਕ ‘ਗੰਭੀਰ’ ਸ਼੍ਰੇਣੀ ਤੱਕ ਪਹੁੰਚ ਸਕਦੀ ਹੈ।

AQI ਨੂੰ ਇਸ ਪ੍ਰਕਾਰ ਸ਼੍ਰੇਣੀਬੱਧ ਕੀਤਾ ਗਿਆ ਹੈ: 0-50 ‘ਚੰਗਾ’, 51-100 ਤਸੱਲੀਬਖਸ਼, 101-200 ਦਰਮਿਆਨਾ, 201-300 ਮਾੜਾ, 301-400 ‘ਬਹੁਤ ਮਾੜਾ’ ਅਤੇ 401-500 ਗੰਭੀਰ। 

ਸਰਕਾਰੀ ਰਿਪੋਰਟਾਂ ਅਨੁਸਾਰ ਦਿੱਲੀ-ਐਨਸੀਆਰ ਵਿੱਚ ਵਧ ਰਹੇ ਹਵਾ ਪ੍ਰਦੂਸ਼ਣ ਦੇ ਕਾਰਨ, GRAP-2 ਪਾਬੰਦੀਆਂ ਲਗਾਈਆਂ ਗਈਆਂ ਹਨ। ਉਪਾਵਾਂ ਵਿੱਚ ਡੀਜ਼ਲ ਜਨਰੇਟਰਾਂ ‘ਤੇ ਪਾਬੰਦੀ, ਪਾਰਕਿੰਗ ਫੀਸਾਂ ਵਿੱਚ ਵਾਧਾ ਅਤੇ CNG-ਇਲੈਕਟ੍ਰਿਕ ਬੱਸ ਸੇਵਾਵਾਂ ਵਿੱਚ ਵਾਧਾ ਸ਼ਾਮਲ ਹੋਵੇਗਾ। ਦਿੱਲੀ ਦਾ AQI “ਬਹੁਤ ਮਾੜਾ” ਸ਼੍ਰੇਣੀ ਵਿੱਚ ਪਹੁੰਚ ਗਿਆ ਹੈ, ਜਿਸ ਨਾਲ ਸਾਹ ਲੈਣਾ ਮੁਸ਼ਕਲ ਹੋ ਰਿਹਾ ਹੈ।