ਨਿਊਜ਼ ਪੰਜਾਬ
13 ਅਕਤੂਬਰ 2025
ਤਰਨਤਾਰਨ ਜਿਮਨੀ ਚੋਣ ਲਈ ਅੱਜ ਤੋਂ ਨਾਮਜ਼ਦਗੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਉਮੀਦਵਾਰ 21 ਅਕਤੂਬਰ ਤੱਕ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ। ਨਾਮਜ਼ਦਗੀ ਪੱਤਰਾਂ ਦੀ ਜਾਂਚ 22 ਅਕਤੂਬਰ ਨੂੰ ਹੋਵੇਗੀ, ਜਦਕਿ 24 ਅਕਤੂਬਰ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਮਿਤੀ ਹੈ।
ਵੋਟਿੰਗ 11 ਨਵੰਬਰ ਨੂੰ ਹੋਵੇਗੀ ਅਤੇ ਗਿਣਤੀ 14 ਨਵੰਬਰ ਨੂੰ ਹੋਵੇਗੀ। ਸਿਬਿਨ ਸੀ ਨੇ ਦੱਸਿਆ ਕਿ ਵੋਟਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ। ਨਾਮਜ਼ਦਗੀ ਪੱਤਰ ਜਨਤਕ ਛੁੱਟੀਆਂ ਨੂੰ ਛੱਡ ਕੇ ਕਿਸੇ ਵੀ ਕੰਮਕਾਜੀ ਦਿਨ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਦੇ ਵਿਚਕਾਰ ਰਿਟਰਨਿੰਗ ਅਫਸਰ ਨੂੰ ਜਮ੍ਹਾ ਕਰਵਾਏ ਜਾ ਸਕਦੇ ਹਨ। ਨਾਮਜ਼ਦਗੀ ਪੱਤਰ ਫਾਰਮ 2B ਵਿੱਚ ਜਮ੍ਹਾ ਕੀਤੇ ਜਾਣੇ ਚਾਹੀਦੇ ਹਨ ।
ਨਾਮਜ਼ਦਗੀਆਂ 18 ਅਕਤੂਬਰ ਨੂੰ ਵੀ ਦਾਇਰ ਕੀਤੀਆਂ ਜਾ ਸਕਦੀਆਂ ਹਨ। ਹਾਲਾਂਕਿ, ਦੀਵਾਲੀ ਦੀ ਛੁੱਟੀ ਕਾਰਨ ਐਤਵਾਰ, 19 ਅਕਤੂਬਰ ਅਤੇ ਸੋਮਵਾਰ, 20 ਅਕਤੂਬਰ ਨੂੰ ਨਾਮਜ਼ਦਗੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਉਪ ਚੋਣ ਦੇ ਐਲਾਨ ਤੋਂ ਬਾਅਦ, ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ, ਜੋ ਕਿ ਪੂਰੀ ਚੋਣ ਪ੍ਰਕਿਰਿਆ ਪੂਰੀ ਹੋਣ ਤੱਕ ਲਾਗੂ ਰਹੇਗਾ।
ਤਰਨਤਾਰਨ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੀ ਮੌਤ ਕਾਰਨ ਖਾਲੀ ਹੋ ਗਈ ਸੀ। ਫਿਲਹਾਲ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰਾਂ ’ਤੇ ਦਾਅ ਖੇਡਿਆ ਜਾ ਰਿਹਾ ਹੈ। ਦੱਸ ਦਈਏ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਹਰਜੀਤ ਸਿੰਘ ਸੰਧੂ ਨੂੰ, ਆਮ ਆਦਮੀ ਪਾਰਟੀ (ਆਪ) ਨੇ ਹਰਮੀਤ ਸਿੰਘ ਸੰਧੂ ਨੂੰ, ਸ਼੍ਰੋਮਣੀ ਅਕਾਲੀ ਦਲ ਨੇ ਪ੍ਰੋ. ਸੁਖਵਿੰਦਰ ਕੌਰ ਰੰਧਾਵਾ ਤੇ ਕਾਂਗਰਸ ਕਰਨ ਸਿੰਘ ਬੁਰਜ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
