ਨਿਊਜ਼ ਪੰਜਾਬ
ਸਿੱਖ ਧਰਮ ਦੇ ਚੌਥੇ ਗੁਰੂ ਅਤੇ ਸ਼੍ਰੀ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਅੱਜ ਸਮੁਚੇ ਪੰਥ ਵੱਲੋਂ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ, ਸ਼੍ਰੀ ਹਰਿਮੰਦਰ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ,
ਅੱਜ 8 ਅਕਤੂਬਰ ਨੂੰ ਗੁਰਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭੋਗ ਪਾਏ ਜਾਣਗੇ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਅਤੇ ਗੁਰਦੁਆਰਾ ਬਾਬਾ ਅਟਲ ਰਾਏ ਵਿਖੇ ਜਲੌ ਸਜਾਏ ਜਾਣਗੇ ਅਤੇ
ਸਾਰਾ ਦਿਨ ਗੁਰਮਤਿ ਸਮਾਗਮ ਚੱਲਣਗੇ। ਰਾਤ ਨੂੰ ਦੀਪ ਮਾਲਾ ਅਤੇ ਆਤਿਸ਼ਬਾਜ਼ੀ ਵੀ ਕੀਤੀ ਜਾਵੇਗੀ।
ਕੱਲ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖਤ ਤੋਂ ਸਜਾਇਆ ਗਿਆ
ਇਤਿਹਾਸ : ਪ੍ਰਕਾਸ਼ ਪੁਰਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
ਕੱਤਕ ਵਦੀ 2, ਸੰਮਤ 1591 ਬਿ. (ਸਤੰਬਰ 1534 ਈ.)
ਨਿਮਰਤਾ ਦੀ ਮੂਰਤ, ਸੇਵਾ ਦੇ ਪੁੰਜ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪਿਤਾ ਸੋਢੀ ਹਰਿਦਾਸ ਜੀ ਅਤੇ ਮਾਤਾ ਦਯਾ ਕੌਰ ਜੀ ਦੇ ਗ੍ਰਹਿ ਚੂਨਾ ਮੰਡੀ, ਲਾਹੌਰ ਵਿਖੇ ਹੋਇਆ। ਕਰੀਬ ਸੱਤ ਸਾਲ ਦੀ ਉਮਰ ਦੌਰਾਨ ਹੀ ਮਾਤਾ-ਪਿਤਾ ਚਲਾਣਾ ਕਰ ਗਏ ਜਿਸ ਕਾਰਨ ਆਪ ਜੀ ਪਹਿਲਾਂ ਨਾਨੀ ਜੀ ਪਾਸ ਬਾਸਰਕੇ ਤੇ ਫਿਰ ਸ੍ਰੀ ਗੋਇੰਦਵਾਲ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ ਸ਼ਰਨ ਆ ਗਏ।
ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆਪ ਜੀ ਨੇ ਤਨ-ਮਨ ਨਾਲ ਗੁਰੂ ਪ੍ਰੇਮ ’ਚ ਭਿੱਜ ਕੇ ਸੇਵਾਵਾਂ ਨਿਭਾਈਆਂ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਭਾਈ ਜੇਠਾ ਜੀ ਦੀ ਸੇਵਾ ਭਾਵਨਾ ਤੋਂ ਖ਼ੁਸ਼ ਹੋ ਕੇ ਆਪ ਜੀ ਨੂੰ ਗੁਰਿਆਈ ਦੀ ਬਖਸ਼ਿਸ਼ ਕੀਤੀ। ਗੁਰਿਆਈ ਤੋਂ ਬਾਅਦ ਭਾਈ ਜੇਠਾ ਜੀ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਸਰੂਪ ਵਿੱਚ ਪ੍ਰਗਟ ਹੋਏ।
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰਿਆਈ ਦੌਰਾਨ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਸ੍ਰੀ ਅੰਮ੍ਰਿਤਸਰ ਨੂੰ ਮੁੱਖ ਕੇਂਦਰ ਸਥਾਪਿਤ ਕੀਤਾ।
30 ਰਾਗਾਂ ਵਿੱਚ ਬਾਣੀ ਦਾ ਪ੍ਰਕਾਸ਼, ਅਨੰਦ ਕਾਰਜ ਲਈ ਲਾਵਾਂ ਦੇ ਸ਼ਬਦਾਂ ਦੀ ਬਖਸ਼ਿਸ਼, ਸ੍ਰੀ ਸੰਤੋਖ ਸਰ ਸਰੋਵਰ, ਸ੍ਰੀ ਅੰਮ੍ਰਿਤ ਸਰੋਵਰ ਤੇ ਸ੍ਰੀ ਅੰਮ੍ਰਿਤਸਰ ਸ਼ਹਿਰ ਆਦਿ ਬਖਸ਼ਿਸ਼ਾਂ ਗੁਰੂ ਜੀ ਦੀ ਸਿੱਖ ਧਰਮ ਨੂੰ ਮਹਾਨ ਦੇਣ ਹੈ।
ਨਗਰ ਕੀਰਤਨ :

ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਸ਼ਾਮਿਲ ਸੀ।
ਇਸ ਮੌਕੇ ਸ਼੍ਰੀ ਹਰਿਮੰਦਰ ਸਾਹਿਬ ਤੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ, ਸ਼੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੀ ਅਕਾਲ ਤਖਤ ਤੇ ਹੈਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਗੁਰਮੀਤ ਸਿੰਘ ਬੂਹ, ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ, ਮੈਨੇਜਰ ਭਗਵੰਤ ਸਿੰਘ ਧੰਗੇੜਾ ਸਮੇਤ ਵੱਡੀ ਗਿਣਤੀ ਵਿੱਚ ਅਧਿਕਾਰੀ ਤੇ ਕਰਮਚਾਰੀ ਅਤੇ ਆਗੂ ਸ਼ਾਮਿਲ ਸਨ।
ਨਗਰ ਕੀਰਤਨ ਦੌਰਾਨ ਗਤਕਾ ਜੱਥਿਆਂ ਵੱਲੋਂ ਗਤਕਾ ਖੇਡਿਆ ਗਿਆ, ਸੰਗਤਾਂ ਨੇ ਸ਼ਬਦ ਗਾਇਨ ਕੀਤਾ ਅਤੇ ਰਸਤੇ ਵਿੱਚ ਵੱਖ ਵੱਖ ਥਾਵਾਂ ਤੇ ਸੰਗਤ ਵਾਸਤੇ ਵੱਖ ਵੱਖ ਪਕਵਾਨਾਂ ਦੇ ਲੰਗਰ ਵੀ ਲਾਏ ।



