ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਦਾ ਦਿਹਾਂਤ,ਲੰਬੇ ਸਮੇਂ ਤੋਂ ਬਿਮਾਰ ਸੀ ਹਰਮੇਲ ਸਿੰਘ ਟੌਹੜਾ,ਕਰਨੈਲ ਸਿੰਘ ਪੀਰ ਮੁਹੰਮਦ ਵੱਲੋਂ ਦੁੱਖ ਦਾ ਪ੍ਰਗਟਾਵਾ

ਨਿਊਜ਼ ਪੰਜਾਬ

22 ਸਤੰਬਰ 2025

ਸਾਬਕਾ ਕੈਬਨਿਟ ਮੰਤਰੀ ਹਰਮੇਲ ਸਿੰਘ ਟੌਹੜਾ ਦਾ ਕੱਲ ਸ਼ਾਮ ਦੇਹਾਂਤ ਹੋ ਗਿਆ ਹੈ। ਸ. ਟੌਹੜਾ ਨੇ 77 ਵਰ੍ਹਿਆਂ ਦੀ ਉਮਰ ਭੋਗ ਕੇ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖ਼ਰੀ ਸਾਹ ਲਏ, ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਉਹ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦਾਮਾਦ ਸਨ।

ਹਰਮੇਲ ਸਿੰਘ ਟੌਹੜਾ 1997 ਚ ਹਲਕਾ ਡਕਾਲਾ (ਹੁਣ ਸਨੌਰ) ਤੋਂ ਵਿਧਾਇਕ ਚੁਣੇ ਗਏ ਅਤੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਬਣੇ ਸਨ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਮਿਤੀ 23 ਸਤੰਬਰ ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਪਿੰਡ ਟੌਹੜਾ ਵਿਖੇ ਕੀਤਾ ਜਾਵੇਗਾ। ਉਹ ਆਪਣੇ ਪਰਿਵਾਰ ਵਿੱਚ ਆਪਣੀ ਪਤਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ, ਦੋ ਪੁੱਤਰਾਂ ਹਰਿੰਦਰਪਾਲ ਸਿੰਘ ਟੌਹੜਾ ਤੇ ਕੰਵਰਬੀਰ ਸਿੰਘ ਟੌਹੜਾ ਅਤੇ ਦੋ ਪੁੱਤਰੀਆਂ ਡਾ ਜਸਪ੍ਰੀਤ ਕੌਰ ਟਿਵਾਣਾ ਤੇ ਗੁਰਮਨਪ੍ਰੀਤ ਕੌਰ ਯੂਐਸਏ ਸਮੇਤ ਹੋਰ ਪਰਿਵਾਰਕ ਜੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ।

ਹਰਮੇਲ ਸਿੰਘ ਟੌਹੜਾ ਦੇ ਦਿਹਾਂਤ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਉਹਨਾਂ ਨੇ ਕਿਹਾ ਕਿ ਹਰਮੇਲ ਸਿੰਘ ਟੌਹੜਾ ਦੇ ਅਕਾਲ ਚਲਾਣਾ ਦੀ ਦੁਖਦ ਖ਼ਬਰ ਮਿਲੀ। ਇਹ ਪਰਿਵਾਰ ਅਤੇ ਉਹਨਾਂ ਦੇ ਚਾਹੁਣ ਵਾਲਿਆਂ ਲਈ ਵੱਡਾ ਘਾਟਾ ਹੈ। ਪਰਿਵਾਰ ਲਈ ਇਸ ਨਾ ਪੂਰਾ ਹੋਣ ਵਾਲੇ ਘਾਟੇ ਨੂੰ ਬਰਦਾਸ਼ਤ ਕਰਨਾ ਬਹੁਤ ਹੀ ਮੁਸ਼ਕਿਲ ਹੈ। ਉਹਨਾਂ ਨੇ ਪਰਮਾਤਮਾ ਕੋਲ ਵਿਛੜੀ ਆਤਮਾ ਦੀ ਰੂਹ ਦੀ ਸ਼ਾਂਤੀ ਦੇਣ ਅਤੇ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।