ਹੁਸ਼ਿਆਰਪੁਰ ਵਾਰਦਾਤ ਮਗਰੋਂ ਬਠਿੰਡਾ ਦੇ ਇਸ ਪਿੰਡ ਦੀ ਪੰਚਾਇਤ ਵੱਲੋਂ ਮਤਾ ਪਾਸ,ਬਿਨਾਂ ਪੁਲਿਸ ਵੈਰੀਫਿਕੇਸ਼ਨ ਤੋਂ ਨਹੀਂ ਰਹਿਣ ਸਕਣਗੇ ਪ੍ਰਵਾਸੀ

ਨਿਊਜ਼ ਪੰਜਾਬ

15 ਸਤੰਬਰ 2025

ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਛੋਟੇ ਬੱਚੇ ਨੂੰ ਪ੍ਰਵਾਸੀ ਵੱਲੋਂ ਬੀਤੇ ਦਿਨੀਂ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੇ ਮਾਮਲੇ ਵਿੱਚ ਹੁਣ ਪੰਜਾਬੀਆਂ ਵਿੱਚ ਰੋਸ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਸੂਬੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਮਤੇ ਪਾਸ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਹੀ ਬਠਿੰਡਾ ਦੇ ਪਿੰਡ ਗਹਿਰੀ ਦੀ ਪੰਚਾਇਤ ਅਤੇ ਸਮੁੱਚੇ ਨਗਰ ਵੱਲੋਂ ਗੁਰਦੁਆਰਾ ਸਾਹਿਬਾਨ ਰਾਹੀਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਪ੍ਰਵਾਸੀਆਂ ਖਿਲਾਫ ਮਤਾ ਪਾਸ ਕੀਤਾ ਹੈ।

ਮਤੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਬਲਜੀਤ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਕਿਸੇ ਵੀ ਪ੍ਰਵਾਸੀ ਦਾ ਆਧਾਰ ਕਾਰਡ ਜਾ ਵੋਟਰ ਕਾਰਡ ਨਹੀਂ ਬਣਾਇਆ ਜਾਵੇਗਾ, ਪ੍ਰਵਾਸੀਆਂ ਨੂੰ ਪਿੰਡ ਵਿੱਚ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ ਜੇਕਰ ਕੋਈ ਕਿਸਾਨ ਕਿਸੇ ਪ੍ਰਵਾਸੀ ਨੂੰ ਕੰਮਕਾਰ ਲਈ ਲੈ ਕੇ ਆਉਂਦਾ ਹੈ ਤਾਂ ਉਸਨੂੰ ਪਿੰਡ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕਿਸਾਨ ਉਸ ਨੂੰ ਆਪਣੀ ਮੋਟਰ ’ਤੇ ਰਿਹਾਇਸ਼ ਦੇ ਸਕਦਾ ਹੈ, ਪ੍ਰਵਾਸੀ ਨੂੰ ਕੰਮਕਾਰ ਵੀ ਲੈ ਕੇ ਆਉਣ ਵਾਲਾ ਕਿਸਾਨ ਖੁਦ ਜਿੰਮੇਵਾਰ ਹੋਵੇਗਾ, ਕਿਸਾਨਾਂ ਵੱਲੋਂ ਪ੍ਰਵਾਸੀਆਂ ਦੀ ਪਹਿਲਾਂ ਪੁਲਿਸ ਵੈਰੀਫਿਕੇਸ਼ਨ ਕਰਵਾਈ ਜਾਵੇਗੀ ਫਿਰ ਉਹਨਾਂ ਨੂੰ ਮੋਟਰ ’ਤੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਪਿੰਡ ਦੇ ਸਰਪੰਚ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਪੈਦਾ ਹੋਏ ਹਾਲਾਤਾਂ ਨੂੰ ਵੇਖਦੇ ਹੋਏ ਇਹ ਸਮੁੱਚੇ ਨਗਰ ਅਤੇ ਪੰਚਾਇਤ ਵੱਲੋਂ ਫੈਸਲਾ ਲਿਆ ਗਿਆ ਹੈ ਅਤੇ ਇਸ ਫੈਸਲੇ ਨੂੰ ਸਮੁੱਚੇ ਪਿੰਡ ਵੱਲੋਂ ਹੱਥ ਖੜੇ ਕਰਕੇ ਪ੍ਰਵਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਵਾਸੀਆਂ ਵੱਲੋਂ ਲਗਾਤਾਰ ਪੰਜਾਬ ਵਿੱਚ ਆ ਕੇ ਆਪਣੀਆਂ ਵੋਟਾਂ ਅਤੇ ਵੋਟਰ ਕਾਰਡ ਬਣਾਏ ਜਾ ਰਹੇ ਹਨ, ਉਹਨਾਂ ਦੇ ਪਿੰਡ ਵਿੱਚ ਵੀ ਕਈ ਪ੍ਰਵਾਸੀਆਂ ਵੱਲੋਂ ਪੁਰਾਣੇ ਸਮੇਂ ਵਿੱਚ ਵੋਟਰ ਕਾਰਡ ਅਤੇ ਆਧਾਰ ਕਾਰਡ ਬਣਾਏ ਗਏ ਹਨ ਜਿਨਾਂ ਵੱਲੋਂ ਹੁਣ ਪਿੰਡ ਵਾਸੀਆਂ ਨੂੰ ਤੰਗ ਪਰੇਸ਼ਾਨ ਵੀ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਮੁੱਚੇ ਪਿੰਡ ਵੱਲੋਂ ਇਸ ਫੈਸਲੇ ਸਬੰਧੀ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਜਾਵੇਗਾ ਅਤੇ ਬਾਹਰੋਂ ਆ ਕੇ ਇਸ ਪਿੰਡ ਵਿੱਚ ਵੋਟਾਂ ਬਣਾਉਣ ਵਾਲੇ ਪ੍ਰਵਾਸੀਆਂ ਦੀਆਂ ਵੋਟਾਂ ਕੱਟਣ ਸਬੰਧੀ ਵੀ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮਿਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇੱਥੇ ਕਈ ਕਈ ਸਾਲ ਤੋਂ ਰਹਿ ਰਹੇ ਪ੍ਰਵਾਸੀਆਂ ਦੀ ਪੁਲਿਸ ਵੈਰੀਫਿਕੇਸ਼ਨ ਵੀ ਕਰਵਾਈ ਜਾਵੇਗੀ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਇਹ ਆਪਣੇ ਘਰ ਵਾਪਸ ਨਹੀਂ ਗਏ ਕੀ ਪਤਾ ਇਹ ਪਿੱਛੇ ਕਿਸੇ ਤਰ੍ਹਾਂ ਦਾ ਅਪਰਾਧ ਕਰਕੇ ਆਏ ਹੋਣ। ਉਨ੍ਹਾਂ ਕਿਹਾ ਕਿ ਪ੍ਰਵਾਸੀਆਂ ਖਿਲਾਫ ਇਸ ਮਤੇ ਨੂੰ ਲਾਗੂ ਕਰਨ ਲਈ ਸਮੁੱਚਾ ਪਿੰਡ ਵਚਨਬੱਧ ਹੈ।