ਨਿਊਜ਼ ਪੰਜਾਬ
25 ਅਗਸਤ 2025
ਗੁਰਦੁਆਰਾ ਰਾੜਾ ਸਾਹਿਬ ਸੰਪ੍ਰਦਾਇ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਦੇ ਅਚਾਨਕ ਸਦੀਵੀਂ ਵਿਛੋੜੇ ਕਾਰਨ ਸੰਗਤਾਂ ‘ਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਤ ਬਲਜਿੰਦਰ ਸਿੰਘ ਨੂੰ ਰਾਤ ਕਰੀਬ 2 ਵਜੇ ਸਾਹ ਲੈਣ ਵਿਚ ਤਕਲੀਫ ਹੋਈ ਤਾਂ ਉਨ੍ਹਾਂ ਨੂੰ ਤੁਰੰਤ ਹਸਤਪਾਲ ਲਿਜਾਇਆ ਜਾ ਰਿਹਾ ਸੀ ਤਾਂ ਹਸਪਤਾਲ ਜਾਂਦਿਆਂ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਸੰਤ ਬਾਬਾ ਬਲਜਿੰਦਰ ਸਿੰਘ ਜੀ ਦੇ ਦੇਹਾਂਤ ‘ਤੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਉਨ੍ਹਾਂ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ,”ਸੰਪ੍ਰਦਾਇ ਰਾੜਾ ਸਾਹਿਬ ਦੇ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਅੱਜ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਸੁਆਸਾਂ ਦੀ ਪੂੰਜੀ ਨੂੰ ਪੂਰਿਆਂ ਕਰਕੇ ਸੱਚਖੰਡ ਪਿਆਨਾ ਕਰ ਗਏ ਹਨ। ਪਰਮਪੁਰਸ਼ ਬਾਬਾ ਜੀ ਨੇ ਦੇਸ਼ਾਂ ਵਿਦੇਸ਼ਾਂ ਅੰਦਰ ਸੰਗਤ ਨੂੰ ਗੁਰਬਾਣੀ ਨਾਲ ਜੋੜ ਕੇ ਗੁਰਮਤਿ ਦੇ ਰਾਹਾਂ ਦੇ ਧਾਰਨੀ ਬਣਾਇਆ । ਉਨ੍ਹਾਂ ਨੇ ਈਸ਼ਰ ਮਾਈਕਰੋ ਮੀਡੀਆ ਤਿਆਰ ਕਰਵਾਕੇ ਪੰਥ ਨੂੰ ਸਪੁਰਦ ਕੀਤਾ, ਜਿਸ ਦਾ ਗੁਰਬਾਣੀ ਤੇ ਇਤਿਹਾਸ ਦੇ ਖੋਜੀਆਂ ਅਤੇ ਆਮ ਸੰਗਤ ਨੂੰ ਬਹੁਤ ਵੱਡਾ ਲਾਹਾ ਮਿਲਿਆ । ਉਨ੍ਹਾਂ ਵੱਲੋਂ ਨਿਭਾਈਆਂ ਸੇਵਾਵਾਂ ਕਰਕੇ ਉਹ ਹਮੇਸ਼ਾ ਚੇਤਿਆਂ ‘ਚ ਵਸੇ ਰਹਿਣਗੇ।”
ਦੱਸ ਦਈਏ ਕਿ ਗੁਰਦੁਆਰਾ ਸਾਹਿਬ ਵਿਖੇ ਸੰਤ ਈਸ਼ਰ ਸਿੰਘ ਜੀ ਰਾੜ੍ਹਾ ਸਾਹਿਬ ਵਾਲਿਆਂ ਦੇ 50ਵੇਂ ਬਰਸੀ ਸਮਾਗਮ ਚੱਲ ਰਹੇ ਹਨ ਅਤੇ 24 ਅਗਸਤ ਨੂੰ ਬਾਬਾ ਬਲਜਿੰਦਰ ਸਿੰਘ ਮਹਾਂਪੁਰਸ਼ਾਂ ਨੂੰ ਸ਼ਰਧਾ-ਸਤਿਕਾਰ ਭੇਂਟ ਕੀਤਾ ਸੀ।
ਬਾਬਾ ਜੀ ਦੇ ਦਿਹਾਂਤ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਬਾ ਜੀ ਵਰਗੀਆਂ ਮਹਾਨ ਸ਼ਖ਼ਸੀਅਤਾਂ ਦਾ ਵਿਛੋੜਾ ਖ਼ਾਲਸਾ ਪੰਥ ਲਈ ਵੱਡਾ ਘਾਟਾ ਹਨ। ਉਨ੍ਹਾਂ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਪਰਿਵਾਰਕ ਮੈਂਬਰਾਂ ਤੇ ਸੰਗੀ ਸਾਥੀਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਬਾਬਾ ਜੀ ਦੇ ਅਕਾਲ ਚਲਾਣਾ ਕਰ ਜਾਣ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਬਾ ਬਲਜਿੰਦਰ ਸਿੰਘ ਨੇ ਜਿਥੇ ਪ੍ਰੰਪਰਿਕ ਢੰਗ ਨਾਲ ਦੇਸ਼ ਵਿਦੇਸ਼ ਅੰਦਰ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ, ਉਥੇ ਹੀ ਉਨ੍ਹਾਂ ਵੱਲੋਂ ਗੁਰਬਾਣੀ ਨੂੰ ਡਿਜੀਟਲ ਮਾਧਿਅਮ ਰਾਹੀਂ ਸੰਗਤਾਂ ਤੱਕ ਪਹੁੰਚਾਉਣ ਲਈ ਤਿਆਰ ਕੀਤਾ ‘ਈਸ਼ਰ ਮਾਈਕਰੋ ਮੀਡੀਆ’ ਕੌਮ ਲਈ ਵੱਡੀ ਦੇਣ ਹੈ। ਉਨ੍ਹਾਂ ਦੇ ਇਸ ਉਪਰਾਲੇ ਦਾ ਕੇਵਲ ਗੁਰਬਾਣੀ ਅਤੇ ਇਤਿਹਾਸ ਦੇ ਖੋਜੀ ਹੀ ਲਾਹਾ ਨਹੀਂ ਲੈ ਰਹੇ, ਸਗੋਂ ਆਮ ਸਿੱਖ ਸੰਗਤਾਂ ਵੀ ਇਸ ਦੀ ਵਰਤੋਂ ਕਰਕੇ ਗੁਰਬਾਣੀ ਅਤੇ ਗੁਰਮਤਿ ਨਾਲ ਜੁੜ ਰਹੀਆਂ ਹਨ।
ਉਧਰ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਅੱਜ ਦੇ ਇੰਟਰਨੈੱਟ ਦੇ ਯੁੱਗ ਅੰਦਰ ਉਨ੍ਹਾਂ ਦੀ ਇਸ ਦੇਣ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਐਡਵੋਕੇਟ ਧਾਮੀ ਨੇ ਬਾਬਾ ਬਲਜਿੰਦਰ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਦੇ ਸਨੇਹੀਆਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਕਰਤਾ ਪੁਰਖ਼ ਅੱਗੇ ਵਿਛੜੀ ਰੂਹ ਨਮਿਤ ਅਰਦਾਸ ਕੀਤੀ।
