ਨੈਸ਼ਨਲ ਕਾਨਫਰੰਸ ਰਾਜਾਂ ਨੂੰ ਖੁਦਮੁਖਤਿਆਰੀ ਦੇਣ ਦੀ ਮੁਹਿੰਮ ਦਾ ਸਮਰਥਨ ਕਰੇਗੀ- ਡਾ਼ ਫਾਰੂਕ ਅਬਦੁੱਲਾ – ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਮੇਜਰ ਸਿੰਘ ਖ਼ਾਲਸਾ ਨੇ ਡਾ. ਫਾਰੂਕ ਅਬਦੁੱਲਾ ਨਾਲ ਕੀਤੀ ਮੁਲਕਾਤ

ਲੁਧਿਆਣਾ/12 ਅਗਸਤ (ਆਰ.ਐਸ.ਖਾਲਸਾ)ਦੇਸ਼ ਦੇ ਸਮੂਹ ਰਾਜਾਂ ਨੂੰ ਵੱਧ ਅਧਿਕਾਰ ਦੇਣ ਤੇ ਭਾਰਤ ਅੰਦਰ ਸੰਘੀ ਢਾਂਚੇ ਨੂੰ ਮਜਬੂਤ ਕਰਨ ਲਈ ਦੇਸ਼ ਦੀਆਂ ਸਮੂਹ ਰਾਜਨੀਤਕ ਪਾਰਟੀਆਂ ਨੂੰ ਦੇ ਆਗੂਆਂ ਨੂੰ ਪੂਰੀ ਇੱਕਜੁੱਟਤਾ ਦੇ ਨਾਲ ਆਪਣੀ ਆਪਣੀ ਆਵਾਜ਼ ਬੁਲੰਦ ਕਰਨੀ ਪਵੇਗੀ ਤਾਂ ਹੀ ਕੇਂਦਰ ਸਰਕਾਰ ਵੱਲੋਂ ਸੂਬਿਆਂ ਦੇ ਕੁਚਲੇ ਜਾ ਰਹੇ ਹੱਕਾਂ ਨੂੰ ਬਹਾਲ ਕਰਨ ਅਤੇ ਰਾਜਾਂ ਦੇ ਵਿਕਾਸ ਨਾਲ ਸਬੰਧਿਤ ਮਸਲੇ ਹੱਲ ਹੋ ਸਕਣਗੇ!

ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਬੀਤੇ ਦਿਨੀ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਮੇਜਰ ਸਿੰਘ ਖ਼ਾਲਸਾ ਨੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਜੰਮੂ ਤੇ ਕਸ਼ਮੀਰ ਨੈਸ਼ਨਲ ਕਾਨਫਰੰਸ ਪਾਰਟੀ ਦੇ ਮੁੱਖੀ ਡਾ਼ ਫਾਰੂਕ ਅਬਦੁੱਲਾ ਨਾਲ ਸ੍ਰੀ ਨਗਰ ਵਿਖੇ ਸਥਿਤ ਐਨ.ਸੀ ਦੇ ਹੈਡ ਆਫਿਸ ‘ਚ ਹੋਈ ਵਿਸੇਸ਼ ਗੱਲਬਾਤ ਦੌਰਾਨ ਕੀਤਾ! ਆਪਣੇ ਸਾਥੀ ਮੈਬਰਾਂ ਦੇ ਵਫਦ ਨਾਲ ਪੁੱਜੇ ਭਾਈ ਮੇਜਰ ਸਿੰਘ ਖਾਲਸਾ ਨੇ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ  ਦੇਸ਼ ਦੇ ਰਾਜਾਂ ਦਾ ਖੁਦਮੁਖਤਿਆਰ ਹੋਣਾ ਬਹੁਤ ਜਰੂਰੀ ਹੈ, ਉਨ੍ਹਾਂ ਕਿਹਾ ਫੈਡਰੇਸ਼ਨ ਹਮੇਸਾ ਰਾਜਾਂ ਦੀ ਖੁਦਮੁਖਤਿਆਰੀ,ਆਰਥਿਕ ਤਰੱਕੀ, ਖੁਸ਼ਹਾਲੀ, ਆਪਸੀ ਭਾਇਚਾਂਰਕ ਸਾਂਝ ਨੂੰ ਮਜਬੂਤ ਕਰਨ ਅਤੇ ਆਪਣੇ ਵਿਚਾਰਾਂ ਨੂੰ ਬਿਆਨ ਕਰਨ ਦੀ ਅਜਾਦੀ ਦੇਣ ਦੇ ਨਾਲ ਨਾਲ ਘੱਟ ਗਿਣਤੀ ਦੀਆਂ ਕੌਮਾਂ ਦੇ ਹੱਕਾਂ ਦੀ ਰਖਵਾਲੀ ਕਰਨ ਵਿੱਚ ਆਪਣਾ ਮੋਹਰੀ ਰੋਲ ਅਦਾ ਕਰਦੀ ਆਈ ਹੈ ਅਤੇ ਕਰਦੀ ਰਹੇਗੀ! ਆਪਣੀ ਗੱਲਬਾਤ ਦੌਰਾਨ ਉਨ੍ਹਾਂ ਨੇ ਜੰਮੂ ਤੇ ਕਸ਼ਮੀਰ ਨੈਸ਼ਨਲ ਕਾਨਫਰੰਸ ਪਾਰਟੀ ਦੇ ਮੁੱਖੀ ਜਨਾਬ ਫਾਰੂਕ ਅਬਦੁੱਲਾ ਨੂੰ ਇੱਕ ਮੰਗ ਪੱਤਰ ਸੌਪਦਿਆ ਹੋਇਆ ਮੰਗ ਕੀਤੀ ਕਿ ਜੰਮੂ ਕਸ਼ਮੀਰ ਵਿੱਚ ਵੱਸਦੇ ਸਿੱਖ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇ ਅਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਕਰਨ ਦੇ ਲਈ ਠੋਸ ਨੀਤੀ ਬਣਾਈ ਜਾਵੇ।

ਇਸ ਮੌਕੇ ਜੰਮੂ ਤੇ ਕਸ਼ਮੀਰ ਨੈਸ਼ਨਲ ਕਾਨਫਰੰਸ ਪਾਰਟੀ ਦੇ ਮੁੱਖੀ ਡਾ.ਫਾਰੂਕ ਅਬਦੁੱਲਾ ਨੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਮੇਜਰ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਪੁੱਜੇ ਵਫ਼ਦ ਦੇ ਸਮੂਹ ਮੈਬਰਾਂ ਨਾਲ ਗੱਲਬਾਤ ਕਰਦਿਆ ਹੋਇਆ ਕਿਹਾ ਕਿ ਨੈਸ਼ਨਲ ਕਾਨਫਰੰਸ ਪਾਰਟੀ ਹਮੇਸ਼ਾ ਘੱਟ ਗਿਣਤੀ ਦੀਆਂ ਕੌਮਾਂ ਦੇ ਹੱਕੀ ਅਧਿਕਾਰਾਂ ਦੀ ਡਟਵੇਂ ਰੂਪ ਵਿੱਚ ਹਮਾਇਤ ਕਰਦੀ ਆਈ ਹੈ ਤੇ ਅੱਗੋ ਵੀ ਕਰੇਗੀ। ਉਨ੍ਹਾਂ ਨੇ ਕਿਹਾ ਕਿ ਜੰਮੂ ਕਸ਼ਮੀਰ ਤੇ ਪੰਜਾਬ ਵਿੱਚ ਵੱਸਦੇ ਸਿੱਖ ਭਾਈਚਾਰੇ ਦੇ ਲੋਕਾਂ ਦੇ ਨਾਲ ਉਨ੍ਹਾਂ ਦੀ ਪੁਰਾਣੀ ਭਾਈਚਾਰਕ ਸਾਂਝ ਰਹੀ ਹੈ ਅਤੇ ਉਨ੍ਹਾਂ ਨੇ ਹਮੇਸਾ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਮੰਗ ਦੀ ਵਕਾਲਤ ਕੀਤੀ ਹੈ। ਆਪਣੀ ਗੱਲਬਾਤ ਦੌਰਾਨ ਉਨ੍ਹਾਂ ਨੇ ਵਫ਼ਦ ਦੇ ਸਮੂਹ ਮੈਬਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਜੰਮੂ ਕਸ਼ਮੀਰ ਵਿੱਚ ਵੱਸਦੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾ ਦੇ ਹੱਲ ਲਈ ਪੂਰੀ ਤਰ੍ਹਾਂ ਯਤਨਸੀਲ ਹੈ, ਕਿਉ ਕਿ ਸੂਬੇ ਦੀ ਆਰਥਿਕ ਤਰੱਕੀ, ਖੁਸ਼ਹਾਲੀ ਤੇ ਅਮਨ ਸਾਤੀ ਬਹਾਲ ਰੱਖਣ ਵਿੱਚ ਸਿੱਖ ਭਾਈਚਾਰੇ ਨੇ ਹਮੇਸ਼ਾ ਆਪਣਾ ਯੋਗਦਾਨ ਪਾਇਆ ਹੈ ਉਨ੍ਹਾਂ ਨੇ ਭੋਰਸਾ ਦਿੱਤਾ ਕਿ ਰਾਜਾਂ ਨੂੰ ਵੱਧ ਅਧਿਕਾਰ ਦੇਣ ਸਬੰਧੀ ਆਰੰਭੀ ਗਈ ਮੁਹਿੰਮ ਨੂੰ ਆਪਣਾ ਹਰ ਪੱਖੋ ਸਮਰਥਨ ਦੇਣਗੇ ਤਾਂ ਕਿ ਦੇਸ਼ ਦਾ ਫੈਡਰਲ ਢਾਚਾਂ ਹੋਰ ਮਜਬੂਤ ਹੋ ਸਕੇ।

ਇਸ ਮੌਕੇ ਜਗਦੀਸ਼ ਸਿੰਘ ਅਜਾਦ ਕਨਵੀਨਰ ਘੱਟ ਗਿਣਤੀ ਵਿੰਗ ਨੈਸ਼ਨਲ ਕਾਨਫਰੰਸ, ਭਾਈ ਕੁਲਦੀਪ ਸਿੰਘ, ਅਮਰੀਕ ਸਿੰਘ, ਦਾਰਾ ਸਿੰਘ, ਕੁਵੰਰ ਉਕਾਂਰ ਸਿੰਘ ਨਰੂਲਾ, ਮਨਜੀਤ ਸਿੰਘ ਸਮੇਤ ਕਈ ਪ੍ਰਮੁੱਖ ਸਿੱਖ ਸ਼ਖਸੀਅਤਾਂ ਹਾਜਰ ਸਨ।