ਪੰਜਾਬ ‘ਚ ਦੇਰ ਰਾਤ ਵੱਡੀ ਵਾਰਦਾਤ! ਸ਼ਿਵ ਸੈਨਾ ਨੇਤਾ ਦੇ ਘਰ ‘ਤੇ ਹਮਲਾ,ਹੋਈ ਫਾਈਰਿੰਗ,ਇਲਾਕੇ ‘ਚ ਡਰ ਦਾ ਮਾਹੌਲ

ਨਿਊਜ਼ ਪੰਜਾਬ

3 ਅਗਸਤ 2025

ਫਗਵਾੜਾ’ ਚ ਦੇਰ ਰਾਤ ਪਲਾਹੀ ਗੇਟ ਇਲਾਕੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਸ਼ਿਵ ਸੈਨਾ ਪੰਜਾਬ ਦੇ ਕਪੂਰਥਲਾ ਜ਼ਿਲ੍ਹਾ ਉਪ ਪ੍ਰਧਾਨ ਕੁਲਦੀਪ ਦਾਨੀ ਦੇ ਘਰ ‘ਚ ਇਕ ਨੌਜਵਾਨ ਨੇ ਆਪਣੇ ਸਾਥੀਆਂ ਸਮੇਤ ਵੜ ਕੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਸੂਤਰਾਂ ਦੇ ਮੁਤਾਬਕ, ਹਮਲਾਵਰਾਂ ਨੇ ਘਰ ਦੇ ਅੰਦਰ ਤੇ ਬਾਹਰ ਮਿਲਾ ਕੇ ਅੱਧਾ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਵਾਰਦਾਤ ਵਾਲੀ ਥਾਂ ‘ਤੇ ਗੋਲੀਆਂ ਦੇ ਖਾਲੀ ਖੋਲ ਜ਼ਮੀਨ ‘ਤੇ ਪਏ ਮਿਲੇ। ਗੋਲੀਬਾਰੀ ਤੋਂ ਬਾਅਦ ਸਾਰੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

ਇਸ ਦੌਰਾਨ ਕੁਲਦੀਪ ਦਾਨੀ ਦੇ ਘਰ ਆਏ ਪਿਸਤੌਲਧਾਰੀ ਹਮਲਾਵਰਾਂ ਦੀਆਂ ਸਾਰੀਆਂ ਹਰਕਤਾਂ ਘਰ ਦੇ ਅੰਦਰ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ। ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਹਥਿਆਰਬੰਦ ਨੌਜਵਾਨ ਦੇਰ ਰਾਤ ਸ਼ਿਵ ਸੈਨਾ ਨੇਤਾ ਦੇ ਘਰ ਵਿੱਚ ਦਾਖਲ ਹੋ ਰਹੇ ਹਨ। ਪੀੜਤ ਪੱਖ ਨੇ ਇਹ ਸੀਸੀਟੀਵੀ ਫੁਟੇਜ ਪੁਲਿਸ ਨੂੰ ਸੌਂਪ ਦਿੱਤੀ ਹੈ।

ਫਗਵਾੜਾ ਦੇ ਡੀਐਸਪੀ ਭਾਰਤ ਭੂਸ਼ਣ ਨੇ ਪਲਾਹੀ ਗੇਟ ‘ਤੇ ਹੋਈ ਗੋਲੀਬਾਰੀ ਦੀ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕੁਲਦੀਪ ਦਾਨੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਆਤਿਸ਼ ਉਰਫ ਘੋੜਾ, ਰਾਹੁਲ ਖਾਨ ਪੁੱਤਰ ਅਸ਼ਵਨੀ ਉਰਫ ਬਾਦਸ਼ਾਹ (ਦੋਵੇਂ ਨਿਵਾਸੀ ਪਲਾਹੀ ਗੇਟ, ਫਗਵਾੜਾ) ਸਮੇਤ ਕੁੱਲ ਅੱਧਾ ਦਰਜਨ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।