ਨਿਊਜ਼ ਪੰਜਾਬ
ਵਿਸ਼ਵ ਦੇ 114 ਸਾਲਾ ਸਿੱਖ ਸੁਪਰਮੈਨ ਮਾਸਟਰ ਐਥਲੀਟ ਫੌਜਾ ਸਿੰਘ, ਜੋ ਕਿ ਟਰਬਨ ਟੋਰਨਾਡੋ ਅਤੇ ਰਨਿੰਗ ਬਾਬਾ ਵਜੋਂ ਮਸ਼ਹੂਰ ਹਨ, ਅੱਜ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ। ਦੁਨੀਆ ਦੇ ਸਭ ਤੋਂ ਬਜ਼ੁਰਗ ਐਥਲੀਟ ਫੌਜਾ ਸਿੰਘ ਦਾ ਐਤਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਬਿਆਸ ਪਿੰਡ, ਜਲੰਧਰ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।
114 ਸਾਲਾ ਫੌਜਾ ਸਿੰਘ ਦਾ ਉਨ੍ਹਾਂ ਦੇ ਪੁੱਤਰਾਂ ਨੇ ਅੰਤਿਮ ਸੰਸਕਾਰ ਕੀਤਾ। ਉਨ੍ਹਾਂ ਦੀ ਦੇਹ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 12:30 ਵਜੇ ਤੱਕ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ, ਜਿਸ ਤੋਂ ਬਾਅਦ ਭਾਰੀ ਇਕੱਠ ਦੇ ਨਾਲ ਪਿੰਡ ਤੋਂ ਸ਼ਮਸ਼ਾਨਘਾਟ ਤੱਕ ਅੰਤਿਮ ਸੰਸਕਾਰ ਲਈ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੇ ਸਪੁੱਤਰ ਸੁਖਜਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਨੇ ਮ੍ਰਿਤਕ ਸਰੀਰ ਨੂੰ ਅਗਨ ਭੇਟ ਕੀਤਾ ।
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਰਾਜਪਾਲ ਗੁਲਾਬ ਚੰਦ ਕਟਾਰੀਆ ਸਮੇਤ ਕਈ ਸਿਆਸਤਦਾਨਾਂ ਅਤੇ ਪਤਵੰਤਿਆਂ ਨੇ ਫੌਜਾ ਸਿੰਘ ਦੇ ਅੰਤਿਮ ਸੰਸਕਾਰ ਵਿੱਚ ਸ਼ਿਰਕਤ ਕੀਤੀ ਅਤੇ ਮਾਸਟਰ ਐਥਲੀਟ ਫੌਜਾ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਸੀਐਮ ਮਾਨ ਨੇ ਐਲਾਨ ਕੀਤਾ ਕਿ ਪਿੰਡ ਦੇ ਸਟੇਡੀਅਮ ਵਿੱਚ ਫੌਜਾ ਸਿੰਘ ਦਾ ਬੁੱਤ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਫੌਜਾ ਸਿੰਘ ਨੇ ਆਪਣੇ ਉੱਚੇ ਹੌਸਲੇ ਨਾਲ ਨਾ ਸਿਰਫ਼ ਪੰਜਾਬ ਸਗੋਂ ਦੇਸ਼ ਦਾ ਨਾਮ ਉੱਚਾ ਕੀਤਾ ਹੈ।
ਰਾਜਪਾਲ ਕਟਾਰੀਆ ਨੇ ਫੌਜਾ ਸਿੰਘ ਨੂੰ ਸ਼ਾਨਦਾਰ ਆਤਮਵਿਸ਼ਵਾਸ ਵਾਲਾ ਵਿਅਕਤੀ ਦੱਸਿਆ। ਅਕਾਲੀ ਦਲ ਦੇ ਨੇਤਾ ਡਾ. ਦਲਜੀਤ ਸਿੰਘ ਚੀਮਾ ਨੇ ਉਨ੍ਹਾਂ ਨੂੰ ਸਿੱਖਾਂ ਦਾ ਰਾਜਦੂਤ ਕਿਹਾ। ਪੰਜਾਬ ਸਰਕਾਰ ਦੇ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਫੌਜਾ ਸਿੰਘ ਨੇ ਆਪਣੀ ਸਾਦਗੀ ਅਤੇ ਦ੍ਰਿੜਤਾ ਨਾਲ ਦੇਸ਼ ਨੂੰ ਮਾਣ ਦਿਵਾਇਆ ਹੈ।
