ਨਿਊਜ਼ ਪੰਜਾਬ
18 ਜੁਲਾਈ 2025
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੰਜਾਬ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ। ਇਸ ਸਿਲਸਿਲੇ ‘ਚ ਫਰੀਦਕੋਟ ਦੇ CIA ਸਟਾਫ ਨੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕਰਦਿਆਂ 50 ਗ੍ਰਾਮ ਹੈਰੋਇਨ ਸਮੇਤ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਨਸ਼ਾ ਤਸਕਰ ਫਾਰਚੂਨਰ ਗੱਡੀ ਦੀ ਵਰਤੋਂ ਕਰਕੇ ਹੈਰੋਇਨ ਦੀ ਤਸਕਰੀ ਕਰ ਰਹੇ ਸਨ। ਪੁਲਿਸ ਨੇ ਨਸ਼ਾ ਸਮੇਤ ਤਸਕਰੀ ਲਈ ਵਰਤੀ ਗਈ ਫਾਰਚੂਨਰ ਗੱਡੀ ਵੀ ਕਬਜ਼ੇ ਚ ਲੈ ਲੀ ਹੈ।
ਇਹ ਜਾਣਕਾਰੀ ਡੀਐਸਪੀ ਤਰਲੋਚਨ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਇੰਸਪੈਕਟਰ ਅਮਰਿੰਦਰ ਸਿੰਘ (ਇੰਚਾਰਜ ਸੀਆਈਏ ਸਟਾਫ) ਦੀ ਅਗਵਾਈ ਹੇਠ ਥਾਣੇਦਾਰ ਚਰਨਜੀਤ ਸਿੰਘ ਅਤੇ ਪੁਲਿਸ ਪਾਰਟੀ ਪਿੰਡ ਕੰਮੇਆਣਾ ਤੋਂ ਨਵੇ ਕਿਲੇ ਵੱਲ ਜਾ ਰਹੀ ਸੀ। ਇਸ ਦੌਰਾਨ ਇਨ੍ਹਾਂ ਦੀ ਨਜ਼ਰ ਸਮਸ਼ਾਨ ਘਾਟ ਕੋਲ ਖੜੀ ਇੱਕ ਚਿੱਟੀ ਫਾਰਚੂਨਰ ਗੱਡੀ (ਨੰਬਰ PB29T0019) ਤੇ ਪਈ, ਜਿਸ ‘ਚ 3 ਨੌਜਵਾਨ ਮੌਜੂਦ ਸਨ।
ਜਦੋਂ ਨੌਜਵਾਨਾਂ ਨੇ ਪੁਲਿਸ ਨੂੰ ਦੇਖਿਆ ਤਾਂ ਉਹ ਘਬਰਾ ਕੇ ਗੱਡੀ ਲੈ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਕਾਬੂ ਕੀਤਾ ਤੇ ਗੱਡੀ ਦੀ ਤਲਾਸ਼ੀ ਦੌਰਾਨ 50 ਗ੍ਰਾਮ ਹੈਰੋਇਨ ਬਰਾਮਦ ਕੀਤੀ।ਪੁਲਿਸ ਦੀ ਮੁੱਢਲੀ ਪੁੱਛਗਿੱਛ ‘ਚ ਖੁਲਾਸਾ ਹੋਇਆ ਹੈ ਕਿ ਇਹ ਤਸਕਰ ਸਰਹੱਦੀ ਇਲਾਕਿਆਂ ਤੋਂ ਹੈਰੋਇਨ ਲਿਆਉਂਦੇ ਸਨ ਤੇ ਫਿਰ ਇਸ ਦੀ ਅੱਗੇ ਸਪਲਾਈ ਕਰਦੇ ਸਨ।
