ਨਿਊਜ਼ ਪੰਜਾਬ
10 ਜੁਲਾਈ 2025
ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਰਾਏਪੁਰ-ਰਸੂਲਪੁਰ ਬਾਲਾਂ ਪਿੰਡ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਸੜਕ ‘ਤੇ ਕੰਟਰੋਲ ਗੁਆ ਬੈਠੀ ਅਤੇ ਪਲਟ ਗਈ। ਹਾਦਸੇ ਵਿੱਚ ਕਾਰ ਚਲਾ ਰਹੇ ਨੌਜਵਾਨ ਦੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਨੌਜਵਾਨ ਦੇ ਸਿਰ ਅਤੇ ਛਾਤੀ ਵਿੱਚ ਸੱਟਾਂ ਲੱਗੀਆਂ ਸਨ, ਜਿਸ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 33 ਸਾਲਾ ਹਰਮਨਦੀਪ ਵਜੋਂ ਹੋਈ ਹੈ।
ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਏਐਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਸਵੇਰ ਵੇਲੇ ਕਰੀਬ 06: 40 ਤੇ ਉਨ੍ਹਾਂ ਦੀ ਟੀਮ ਨੂੰ ਕਿਸੇ ਰਾਹਗੀਰ ਨੇ ਫੋਨ ‘ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਅੱਡਾ ਰਾਏਪੁਰ ਰਸੂਲਪੁਰ ਵਿਖੇ ਸਥਿਤ ਨਹਿਰ ਦੀ ਪੁਲੀ ਦੇ ਨਾਲ ਇੱਕ ਤੇਜ਼ ਰਫਤਾਰ ਵਰਨਾ ਕਾਰ ਬੇਕਾਬੂ ਹੋ ਕੇ ਟਕਰਾ ਗਈ ਹੈ। ਮੌਕੇ ‘ਤੇ ਪਹੁੰਚੀ ਐਸਐਸਐਫ ਟੀਮ ਨੇ ਦੇਖਿਆ ਕਿ ਇੱਕ ਤੇਜ਼ ਰਫਤਾਰ ਬੇਕਾਬੂ ਹੋਈ ਵਰਨਾ ਕਾਰ ਨੰਬਰ ਪੀਬੀ 35ਟੀ2525 ਜੋ ਕਿ ਪਠਾਨਕੋਟ ਤੋਂ ਜਲੰਧਰ ਨੂੰ ਜਾ ਰਹੀ ਸੀ ਅਤੇ ਜਿਸ ਨੂੰ ਹਰਮਨਦੀਪ ਸੈਣੀ ਪੁੱਤਰ ਸੁਰਿੰਦਰ ਸਿੰਘ ਵਾਸੀ ਨੇੜੇ ਬੰਸਲ ਗੈਸ ਏਜੰਸੀ ਪਠਾਨਕੋਟ ਚਲਾ ਰਿਹਾ ਸੀ। ਜਿਸ ਦੀ ਸਪੀਡ ਜ਼ਿਆਦਾ ਹੋਣ ਕਾਰਨ ਬੇਕਾਬੂ ਹੋ ਕੇ ਸੜਕ ਕਿਨਾਰੇ ਕੰਕਰੀਟ ਦੀ ਪੁਲੀ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਤੱਕ ਉਡ ਗਏ। ਜਿਸ ਕਾਰਨ ਡਰਾਈਵਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਜਿਸ ਨੂੰ ਐਸਐਸਐਫ ਟੀਮ ਦੇ ਮੁਲਾਜ਼ਮਾਂ ਵੱਲੋਂ ਮੌਕੇ ‘ਤੇ ਪ੍ਰਾਈਵੇਟ ਐਂਬੂਲੈਂਸ ਰਾਹੀਂ ਨਜ਼ਦੀਕੀ ਨਿੱਜੀ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਗੰਭੀਰ ਰੂਪ ‘ਚ ਜ਼ਖ਼ਮੀ ਹੋਏ ਚਾਲਕ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
