ਪੁਲੀਸ ਵੱਲੋਂ ਨਰਸਿੰਗ ਦੀ ਵਿਦਿਆਰਥਣ ਤੇ ਉਸ ਦਾ ਸਾਥੀ 300 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ,ਪੁੱਛਗਿਛ ਜਾਰੀ 

ਨਿਊਜ਼ ਪੰਜਾਬ

6 ਜੁਲਾਈ 2025

ਪੁਲਸ ਨੇ ਬੱਸ ਦੀ ਚੈਕਿੰਗ ਦੌਰਾਨ ਮੁੰਡੇ ਤੇ ਕੁੜੀ ਨੂੰ 300 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ ਕਰੀਬ 50 ਲੱਖ ਰੁਪਏ ਦੱਸੀ ਜਾ ਰਹੀ ਹੈ। ਕਾਬੂ ਕੀਤੇ ਗਏ ਨੌਜਵਾਨ ਦੀ ਪਛਾਣ ਦੇਵ ਅਰਜੁਨ (24) ਤੇ ਜਸ਼ਨਪ੍ਰੀਤ ਕੌਰ (20) ਵਜੋਂ ਹੋਈ ਹੈ, ਜੋ ਦੋਵੇਂ ਮੋਗਾ ਜ਼ਿਲੇ ਦੇ ਰਹਿਣ ਵਾਲੇ ਹਨ। ਜਸ਼ਨਪ੍ਰੀਤ ਕੌਰ ਜੀ.ਐੱਮ. ਨਰਸਿੰਗ ਦੀ ਵਿਦਿਆਰਥਣ ਹੈ। ਪੁਲਸ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਮੁਲਜ਼ਮਾਂ ਦੇ ਕਿਸੇ ਵੱਡੇ ਨਸ਼ਾ ਸਮੱਗਲਿੰਗ ਗਿਰੋਹ ਨਾਲ ਤਾਰ ਜੁੜੇ ਹੋ ਸਕਦੇ ਹਨ ਤੇ ਹੋਰ ਪੁੱਛਗਿੱਛ ’ਚ ਕਈ ਵੱਡੇ ਖ਼ੁਲਾਸੇ ਹੋਣ ਦੀ ਵੀ ਸੰਭਾਵਨਾ ਹੈ।

ਪੁਲਸ ਵੱਲੋਂ ਦੋਵਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਤਿੰਨ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਥਾਣਾ ਇੰਚਾਰਜ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਹ ਬੱਸ ਰਾਹੀਂ ਮੋਗਾ ਤੋਂ ਖਰੜ ਲਈ ਜਾ ਰਹੇ ਸਨ। ਇਹ ਹੈਰੋਇਨ ਵੀ ਉੱਥੇ ਹੀ ਕਿਸੇ ਨੂੰ ਦਿੱਤੀ ਜਾਣੀ ਸੀ। ਦੋਵੇਂ ਆਪਸ ’ਚ ਕਾਫ਼ੀ ਸਮੇਂ ਤੋਂ ਜਾਣਕਾਰ ਸਨ। ਪੁਲਸ ਵੱਲੋਂ ਉਨ੍ਹਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।