ਨਿਊਜ਼ ਪੰਜਾਬ
20 ਜੂਨ 2025
ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਦੋਵਾਂ ਆਰੋਪੀਆਂ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜਿਆ ਹੈ। ਰਮਨਦੀਪ ਸਿੰਘ ਦਾ 3 ਦਿਨ ਦਾ ਅਤੇ ਜਸਪ੍ਰੀਤ ਦਾ ਇੱਕ ਦਿਨ ਦਾ ਰਿਮਾਂਡ ਖ਼ਤਮ ਹੋਣ ‘ਤੇ ਅੱਜ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਪੁਲਿਸ ਨੇ ਦੀਪਿਕਾ ਲੂਥਰਾ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ 2 ਦਿਨ ਪਹਿਲਾਂ ਜਸਪ੍ਰੀਤ ਸਿੰਘ ਪੁੱਤਰ ਸਤਵਿੰਦਰ ਸਿੰਘ ਵਾਸੀ ਢਿੱਲੋਂ ਨਗਰ, ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਸੀ। ਜਿਥੇ ਅਦਾਲਤ ਨੇ ਜਸਪ੍ਰੀਤ ਸਿੰਘ ਨੂੰ 1 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਸੀ। ਗ੍ਰਿਫ਼ਤਾਰ ਕੀਤੇ ਨੌਜਵਾਨ ਦੀ ਉਮਰ 18 ਸਾਲ ਦੱਸੀ ਜਾ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਜਸਪ੍ਰੀਤ ਸਿੰਘ ਕਤਲ ਕਰ ਕੇ ਫਰਾਰ ਹੋਏ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਸੰਪਰਕ ਵਿਚ ਸੀ। ਇਸ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਨੇ ਰਮਨਦੀਪ ਸਿੰਘ ਨਾਂ ਦੇ ਵਿਅਕਤੀ ਨੂੰ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਸੀ। ਪੁਲਿਸ ਦੇ ਦੱਸਣ ਮੁਤਾਬਕ ਰਮਨਦੀਪ ਨੇ ਦੀਪਿਕਾ ਨੂੰ ਧਮਕੀ ਭਰੀ ਮੇਲ ਭੇਜੀ ਸੀ। 13, 14 ਅਤੇ 15 ਜੂਨ ਨੂੰ ਦੀਪਿਕਾ ਨੂੰ ਧਮਕੀ ਭਰੀਆਂ 3 ਈਮੇਲ ਮਿਲੀਆਂ ਸਨ।
ਧਮਕੀਆਂ ਮਿਲਣ ਤੋਂ ਬਾਅਦ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੇ ਅੰਮ੍ਰਿਤਸਰ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਉਸਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਫੈਸਲਾ ਕਰਦੇ ਹੋਏ 5-6 ਪੁਲਿਸ ਮੁਲਾਜ਼ਮ ਉਸਦੇ ਘਰ ਬਾਹਰ ਤੈਨਾਤ ਕਰ ਦਿੱਤੇ।
–
