ਅੱਜ ਦੇ ਦਿਨ ਵਿੱਛੜਿਆ ਸੀ ਵਿਲੱਖਣ ਸਾਹਿਤਕਾਰ ਇਕਬਾਲ ਸਿੰਘ ਰਾਮੂਵਾਲੀਆ : ਪ੍ਰੋ. ਗੁਰਭਜਨ ਗਿੱਲ ਸਮੇਤ ਸਾਹਿਤਕ ਹਲਕਿਆਂ ਨੇ ਕੀਤਾ ਯਾਦ 

ਅੱਜ ਦੇ ਦਿਨ ਵਿੱਛੜਿਆ ਸੀ ਵੱਡਾ ਵੀਰ ਇਕਬਾਲ ਰਾਮੂਵਾਲੀਆ

– ਪ੍ਰੋ. ਗੁਰਭਜਨ ਗਿੱਲ

ਇਕਬਾਲ ਰਾਮੂਵਾਲੀਆ 22 ਫ਼ਰਵਰੀ 1946 ਨੂੰ ਜਨਮਿਆ ਤੇ 17 ਜੂਨ 2017 ਨੂੰ ਸਦੀਵੀ ਅਲਵਿਦਾ ਕਹਿ ਗਿਆ।

ਉਸ ਨੇ ਗੌਰਮਿੱਟ ਕਾਲਿਜ ਲੁਧਿਆਣਾ ਤੋਂ ਅੰਗਰੇਜ਼ੀ ਵਿੱਚ ਐੱਮ ਏ ਕੀਤੀ ਤੇ ਗੁਰੂ ਹਰਗੋਬਿੰਦ ਖ਼ਾਲਸਾ ਕਾਲਿਜ ਗੁਰੂ ਸਰ ਸਧਾਰ(ਲੁਧਿਆਣਾ) ਵਿੱਚ ਪੜ੍ਹਾਉਣ ਲੱਗ ਪਿਆ। ਸ਼ਾਇਰੀ ਉਸ ਦੀ ਮੁਹੱਬਤ ਸੀ।

ਬਾਦ ਵਿੱਚ ਉਹ ਕੈਨੇਡਾ ਚਲਾ ਗਿਆ।

ਰਾਮੂਵਾਲਾ, ਜ਼ਿਲ੍ਹਾ ਫ਼ਰੀਦਕੋਟ (ਹੁਣ ਮੋਗਾ) ਉਸ ਦੇ ਉਮਰ ਭਰ ਅੰਗ ਸੰਗ ਰਿਹਾ।

ਕਵੀਸ਼ਰ ਬਾਪ ਕਰਨੈਲ ਸਿੰਘ ਪਾਰਸ ਕੋਲੋਂ ਸੰਗੀਤ ਦੀ ਗੁੜ੍ਹਤੀ ਹਾਸਲ ਕੀਤੀ ਤੇ ਇਹ ਗੁਣ ਵੀ ਸਾਰੀ ਉਮਰ ਧਰਮ ਵਾਂਗ ਨਿਭਾਇਆ।ਇਕਬਾਲ ਦਾ ਜਨਮ 22 ਫ਼ਰਵਰੀ 1946 ਨੂੰ ਮੋਗਾ ਨੇੜੇ ਪਿੰਡ ਰਾਮੂਵਾਲਾ ਵਿੱਚ ਪ੍ਰਸਿੱਧ ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਘਰ ਹੋਇਆ। ਮੁੱਢਲੀ ਦਸਵੀਂ ਜਮਾਤ ਤੀਕ ਦੀ ਪੜ੍ਹਾਈ ਪਿੰਡ ਦੇ ਅਤੇ ਮੋਗੇ ਦੇ ਖ਼ਾਲਸਾ ਸਕੂਲ `ਚੋਂ ਤੇ ਬੀ. ਏ.ਡੀ.ਐਮ. ਕਾਲਜ ਮੋਗਾ ਤੋਂ ਕੀਤੀ। ਅੰਗਰੇਜ਼ੀ ਦੀ ਐਮ. ਏ. ਗੌਰਮਿੰਟ ਕਾਲਜ ਲੁਧਿਆਣਾ ਤੋੰਂ 1970 `ਚ ਕੀਤੀ। 1970 ਤੋਂ 1975 ਤੀਕ ਖ਼ਾਲਸਾ ਕਾਲਜ ਗੁਰੂਸਰ ਸੁਧਾਰ ‘ਚ ਲੈਕਚਰਾਰ ਹਰੇ।

1975 `ਚ ਕੈਨੇਡਾ ਚਲੇ ਗਏ ਅਤੇ ਕੈਨੇਡਾ ਵਿੱਚ ਕਈ ਸਾਲ ਫੈਕਰਟੀ ਵਰਕਰ, ਦਰਬਾਨ, ਟੈਕਸੀ ਡਰਾਈਵਰ ਦੇ ਤੌਰ ‘ਤੇ ਕੰਮ ਕੀਤਾ। ਯੂਨੀਵਰਸਿਟੀ ਆਫ਼ ਵਾਟਰਲੂ ਤੋਂ ਐਮ.ਏ., ਐਮ.ਫਿਲ. ਅੰਗਰੇਜ਼ੀ ਵਿਸ਼ੇ `ਚ ਕੀਤੀ। ਡਲਹੌਜ਼ੀ ਯੂਨੀਵਰਸਿਟੀ ਹੈਲਾਫ਼ੈਕਸ ਤੋਂ ਬੀ.ਐਡ.ਕੀਤੀ। 1985 ਤੋਂ 2013 ਤੱਕ ਟਰਾਂਟੋ ਅਤੇ ਪੀਅਲ ਸਕੂਲ ਬੋਰਡਾਂ ਵਿੱਚ ਵਿਦਿਆਕਾਰ ਵਜੋਂ ਸੇਵਾ ਨਿਭਾਈ। ਉਨ੍ਹਾਂ ਦੀ ਪਤਨੀ ਦਾ ਨਾਮ ਸੁਖਸਾਗਰ ਤੇ ਜੌੜੀਆਂ ਧੀਆਂ ਦਾ ਨਾਮ ਸੁਖਦੀਪ ਸੁੱਖੀ ਤੇ ਕਿਰਨਪਾਲ ਕਿੰਨੂ ਹੈ।

17 ਜੂਨ 2017 ਨੂੰ ਉਹਨਾਂ ਦਾ ਦਿਹਾਂਤ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਹੋ ਗਿਆ ਉਹ ਗਦੂਦਾਂ ਦੇ ਕੈਂਸਰ ਤੋਂ ਪੀੜਤ ਸਨ।

ਚਾਰ ਦਹਾਕਿਆਂ ਤੋਂ ਕੈਨੇਡਾ ਵਿੱਚ ਨਿਵਾਸ ਕਰਦਾ ਰਿਹਾ ਇਕਬਾਲ ਰਾਮੂਵਾਲੀਆ ਬਹੁਪੱਖੀ ਅਤੇ ਵਿਲੱਖਣ ਸਾਹਿਤਕਾਰ ਹੋਣ ਦੇ ਨਾਲ਼-ਨਾਲ਼ ਸਰਗਰਮ ਮੀਡੀਆ-ਚਿੰਤਕ ਵੀ ਸੀ। ਬਹੁਪੱਖੀ ਸਾਹਿਤਕਾਰ ਇਸ ਲਈ ਕਿ ਉਸ ਨੇ ਕਵਿਤਾ, ਕਹਾਣੀ, ਅੰਗਰੇਜ਼ੀ ਨਾਵਲ, ਪੰਜਾਬੀ ਨਾਵਲ, ਕਾਵਿ-ਨਾਟ, ਅਤੇ ਸਿਰਜਣਾਤਮਕ ਗੱਦ ਵਰਗੀਆਂ ਭਿੰਨ-ਭਿੰਨ ਵਿਧਾਵਾਂ ਵਿੱਚ ਪੁਸਤਕ-ਰਚਨਾ ਕੀਤੀ। ਉਹ ਵਿਲੱਖਣ ਸਾਹਿਤਕਾਰ ਇਸ ਲਈ ਸੀ ਕਿ ਉਸ ਦੀ ਇੱਕ ਵਿਧਾ ਵਿੱਚ ਕੀਤੀ ਗਈ ਰਚਨਾ, ਉਸ ਦੁਆਰਾ ਕਿਸੇ ਹੋਰ ਵਿਧਾ ਵਿੱਚ ਕੀਤੀ ਗਈ ਕਿਸੇ ਰਚਨਾ ਦਾ ਅਨੁਵਾਦ, ਵਿਸਥਾਰ, ਜਾਂ ਪਰਛਾਵਾਂ ਨਹੀਂ ਹੈ।

ਇਕਬਾਲ ਰਾਮੂਵਾਲੀਆ ਦੇ ਕਾਵਿ-ਸੰਗ੍ਰਹਿ ਸੁਲਘਦੇ ਅਹਿਸਾਸ (1973) ਕੁਝ ਵੀ ਨਹੀਂ (1984, 1991)ਰਹੇ ਪਾਣੀ ਦਾ ਪ੍ਰਛਾਵਾਂ (1985) ਕਵਿਤਾ ਮੈਨੂੰ ਲਿਖਦੀ ਹੈ (1995) ਹਨ।

ਹੋਰ ਰਚਨਾਵਾਂ ਵਿੱਚ ਪਲੰਘ-ਪੰਘੂੜਾ ਕਾਵਿ-ਨਾਟ(2000) ਤਿੰਨ ਕੋਣ” (ਸੁਰਿੰਦਰ ਧੰਜਲ ਅਤੇ ਸੁਖਿੰਦਰ ਨਾਲ ਸਾਂਝੀ, 1978)

ਸੜਦੇ ਸਾਜ਼ ਦੀ ਸਰਗਮ (ਸਵੈ-ਜੀਵਨੀ ਭਾਗ-1, 2012)

ਬਰਫ਼ ਵਿੱਚੋਂ ਉਗਦਿਆਂ (ਸਵੈਜੀਵਨੀ ਭਾਗ-2)

ਮੌਤ ਇੱਕ ਪਾਸਪੋਰਟ ਦੀ (ਨਾਵਲ, 2005)

The Death of a Passport (ਅੰਗਰੇਜ਼ੀ ਨਾਵਲ)

ਮਕਤਲ (ਨਵੇਂ ਦੌਰ ਦੀ ਪੰਜਾਬੀ ਕਵਿਤਾ- ਸੰਪਾਦਨਾ, 1983)

The Midair Frown (ਅੰਗਰੇਜ਼ੀ ਨਾਵਲ)

ਮਿੱਟੀ ਦੀ ਜ਼ਾਤ (ਕਹਾਣੀ ਸੰਗ੍ਰਹਿ, 2014) ਹਨ।

ਵੱਡੇ ਵੀਰ ਦੀ ਯਾਦ ਵਿੱਚ ਨਤਮਸਤਕ ਹਾਂ।

ਇਕਬਾਲ ਰਾਮੂਵਾਲੀਆ* ਬਾਰੇ
ਕੈਮਲੂਪਸ(ਕੈਨੇਡਾ) ਵੱਸਦੇ ਉਨ੍ਹਾਂ ਦੇ ਸ਼ਾਇਰ ਮਿੱਤਰ ਡਾ. ਸੁਰਿੰਦਰ ਧੰਜਲ ਦੀ ਉਨ੍ਹਾਂ ਬਾਰੇ ਕਵਿਤਾ ਹਾਜ਼ਰ ਹੈ।

ਸਾਗਰ ਦਾ ਇਕਬਾਲ ਸੀ

ਲੋਕਾਂ ਦਾ ਇਕਬਾਲ

ਕੱਲ੍ਹ ਵੀ ਸਾਡੇ ਨਾਲ ਸੀ

ਅੱਜ ਵੀ ਸਾਡੇ ਨਾਲ ॥

 

ਉਹ ਕਵਿਤਾ ਦਾ ਬਿਰਖ ਸੀ

ਹਰ ਪੱਤੀ, ਹਰ ਡਾਲ

ਵਿਰਲੇ ਟਾਵੇਂ ਉੱਗਮਦੇ

ਸਰਸਵਤੀ ਦੇ ਲਾਲ ॥

 

ਸਾਜ਼ ਸੰਗੀਤ ਸਨੇਹ ਸਭ

ਸੀ ਸੰਗਮ ਸੁਰਤਾਲ

ਰੋਸ਼ਨ ਉਸ ਦੀ ਸਿਰਜਣਾ

ਕਲਮ, ਕਲਾਮ, ਕਮਾਲ

 

ਉਹ ਨੰਗੇ ਧੜ ਜੂਝਿਆ

ਨਾ ਤਲਵਾਰ ਨਾ ਢਾਲ

ਅੱਜ ਵੀ ਜਗਮਗ ਕਰ ਰਿਹਾ

ਉਸਦਾ ਹਰਫ਼ ਜਲਾਲ ॥

🟤

ਜਾਣਕਾਰੀ ਸਰੋਤਃ ਵਿਕੀਪੀਡੀਆ