ਨਿਊਜ਼ ਪੰਜਾਬ
9 ਜੂਨ 2025
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਨੇ ਖਾਲਸਾ ਰਾਜ ਦੇ ਬਾਨੀ, ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ, ਜੱਦੋ-ਜਹਿਦ ਅਤੇ ਸ਼ਹਾਦਤ ਸਾਨੂੰ ਸਿੱਖੀ ਸਿਦਕ ਭਰੋਸਾ ਅਤੇ ਸਵੈਮਾਨ ਦਾ ਜੀਵਨ ਜਿਉਣ ਦੀ ਪ੍ਰੇਰਣਾ ਦਿੰਦੀ ਹੈ।
ਉਹਨਾਂ ਕਿਹਾ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਮੁਗਲ ਹਕੂਮਤ ਵੱਲੋਂ ਉਨ੍ਹਾਂ ਦੇ ਸਾਥੀਆਂ ਸਮੇਤ ਗ੍ਰਫਤਾਰ ਕਰ ਲਿਆ ਗਿਆ ਤਾਂ ਰੋਜ਼ਾਨਾ ਹੀ ਲਾਲ ਕਿਲੇ ਤੇ ਮੁਸਲਿਮ ਧਰਮ ਅਪਣਾਉਣ ਤੇ ਦਹਿਸ਼ਤ ਫੈਲਾਉਣ ਦੇ ਮਨੋਰਥ ਨਾਲ 100 ਸਾਥੀਆਂ ਨੂੰ ਰੋਜਾਨਾ ਹੀ ਕਤਲ ਕਰ ਦਿੱਤਾ ਜਾਂਦਾ ਰਿਹਾ ਤੇ ਅੰਤ ਵਿੱਚ 9 ਜੂਨ ਨੂੰ ਬਾਕੀ ਰਹਿ ਗਏ 37 ਸਾਥੀਆਂ ਸਮੇਤ ਅਤੇ ਉਨਾਂ ਦੀ ਪਤਨੀ ਸੁਸ਼ੀਲ ਕੌਰ ਨੂੰ ਕਤਲ ਕਰ ਦਿੱਤਾ ਗਿਆ ਤੇ ਇਸ ਉਪਰੰਤ ਲਗਭਗ ਪੌਣੇ ਚਾਰ ਸਾਲ ਦੇ ਬੇਟੇ ਬਾਬਾ ਅਜੇ ਸਿੰਘ ਦਾ ਖੰਜਰ ਨਾਲ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁਨ ਦਿੱਤਾ ਗਿਆ ਤੇ ਨਾਲ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਵੀ ਬਹੁਤ ਹੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਤੇ ਇੱਕ ਇੱਕ ਕਰਕੇ ਲੱਤਾਂ ਵੀ ਵੱਢ ਕੇ ਜਮੂਰਾਂ ਨਾਲ ਮਾਸ ਤੱਕ ਫਟਿਆ ਗਿਆ ।
ਉਹਨਾਂ ਕਿਹਾ ਕਿ ਦੁਨੀਆਂ ਦੇ ਲਾਸਾਨੀ ਬੇਜੋੜ ਜਰਨੈਲ ਜਿਸਨੇ ਅੱਧਾ ਉੱਤਰੀ ਭਾਰਤ ਜਿੱਤਿਆ ਤੇ 14 ਮਈ 1710 ਨੂੰ ਸਰਹੰਦ ਦੇ ਆਮ ਖਾਸ ਬਾਗ ਵਿੱਚ ਪਹਿਲਾਂ ਖਾਲਸਾਈ ਰਾਜ ਸਥਾਪਿਤ ਕੀਤਾ ਸੀ ਤੇ ਕਿਸਾਨਾਂ ਨੂੰ ਉਨਾਂ ਦੇ ਬਣਦੇ ਹੱਕ ਦਿਵਾਏ ।
ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਉਨਾਂ ਦੀ ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਕਾਰਜਕਾਲ਼ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਹਾੜੇ, ਬਾਬਾ ਬੰਦਾ ਸੀ ਬਹਾਦਰ ਵੱਲੋਂ ਮੁਗਲ ਸਲਤਨਤ ਦਾ ਖਾਤਮਾ ਕਰਕੇ ਕੀਤੀ ਸਰਹੰਦ ਫਤਿਹ ਨੂੰ ਸਮਰਪਿਤ ਫਤਿਹ ਦਿਵਸ ਮਨਾਉਣੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮਨਾਉਣੇ ਸ਼ੁਰੂ ਗਏ ਕੀਤੇ ਸਨ।
ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਸੱਚੀ-ਸੁੱਚੀ ਸ਼ਰਧਾ ਭੇਟ ਕਰਨ ਲਈ ਜਰੂਰੀ ਹੈ ਕਿ ਅੰਮ੍ਰਿਤ ਛਕ ਕੇ ਸਿੰਘ ਸਜੀਏ ਗੁਰੂ ਦੇ ਲੜ ਲੱਗੀਏ।
